ਨਵੀਂ ਦਿੱਲੀ (ਭਾਸ਼ਾ) – ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੱਕ ਹੋਰ ਸੈਂਕੜਾ ਬਣਾਇਆ, ਪਰ ਇਸ ਵਾਰ ਕ੍ਰਿਕਟ ਦੀ ਪਿੱਚ ਤੋਂ ਦੂਰ ਜਦੋਂ ਇਹ ਸੋਸ਼ਲ ਮੀਡੀਆ ਪਲੈਟਫ਼ੌਰਮ ‘ਤੇ 100 ਮਿਲੀਅਨ (10 ਕਰੋੜ) ਫ਼ੌਲੋਅਰਜ਼ ਦਾ ਅੰਕੜਾ ਛੂਹਣ ਵਾਲਾ ਦੁਨੀਆ ਦਾ ਪਹਿਲਾ ਕ੍ਰਿਕਟਰ ਬਣਿਆ। ਉਨ੍ਹਾਂ ਦੇ ਫ਼ੌਲੋਅਰਜ਼ ਦੀ ਗਿਣਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਕਰੀਬ ਦੁੱਗਣੀ ਹੈ। PM ਮੋਦੀ ਦੇ ਇਨਸਟਾਗ੍ਰੈਮ ਫ਼ੌਲੋਅਰਜ਼ ਦੀ ਗਿਣਤੀ 51.2 ਮਿਲੀਅਨ (51 ਕਰੋੜ 20 ਲੱਖ) ਤੋਂ ਜ਼ਿਆਦਾ ਹੈ।
ਕੋਹਲੀ ਏਸ਼ੀਆ-ਪ੍ਰਸ਼ਾਂਤ ਖੇਤਰ ‘ਚ ਇਹ ਉਪਲਬਧੀ ਹਾਸਿਲ ਕਰਨ ਵਾਲੇ ਪਹਿਲੇ ਵਿਅਕਤੀ ਹਨ। ICC ਨੇ ਟਵੀਟ ਕੀਤਾ, ”ਵਿਰਾਟ ਕੋਹਲੀ-ਇਨਸਟਾਗ੍ਰੈਮ ‘ਤੇ 10 ਕਰੋੜ ਫ਼ੌਲੋਅਰਜ਼ ਦਾ ਅੰਕੜਾ ਛੂਹਣ ਵਾਲੇ ਪਹਿਲੇ ਕ੍ਰਿਟਟ ਸਟਾਰ।”
ਕੋਹਲੀ ਇਨਸਟਾਗ੍ਰੈਮ ‘ਚ ਸਭ ਤੋਂ ਵੱਧ ਫ਼ੌਲੋਅਰਜ਼ ਵਾਲੇ ਖਿਡਾਰੀਆਂ ਦੀ ਸੂਚੀ ‘ਚ ਚੌਥੇ ਸਥਾਨ ‘ਤੇ ਹਨ। ਪੁਰਤਗਾਲ ਦੇ ਸਟਾਲ ਫ਼ੁਟਬਾਲਰ ਕ੍ਰਿਸਟਿਐਨੋ ਰੋਨੈਲਡੋ 26 ਕਰੋੜ 50 ਲੱਖ ਫ਼ੌਲੋਅਰਜ਼ ਨਾਲ ਸਿਖਰ ‘ਤੇ ਹਨ। ਉਨ੍ਹਾਂ ਤੋਂ ਬਾਅਦ ਅਰਜਨਟੀਨਾ ਦੇ ਫ਼ੁਟਬਾਲ ਕਪਤਾਨ ਅਤੇ FC ਬਾਰਸੇਲੋਨਾ ਦੇ ਦਿੱਗਜ ਖਿਡਾਰੀ ਲਿਓਨੈਲ ਮੈਸੀ ਅਤੇ ਬ੍ਰਾਜ਼ੀਲ ਦੇ ਨੇਮਾਰ ਦਾ ਨੰਬਰ ਆਉਂਦਾ ਹੈ ਜੋ ਕਰਮਵਾਰ 18 ਕਰੋੜ 60 ਲੱਖ ਅਤੇ 14 ਕਰੋੜ 70 ਲੱਖ ਫ਼ੌਲੋਅਰਜ਼ ਨਾਲ ਦੂਜੇ ਅਤੇ ਤੀਜੇ ਸਥਾਨ ‘ਤੇ ਹਨ।
ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ ‘ਚ ਸ਼ਾਮਿਲ ਕੋਹਲੀ ਦੇ ਨਾਮ ਟੈੱਸਟ ਕ੍ਰਿਕਟ ‘ਚ 27 ਅਤੇ ਵਨਡੇ ਕ੍ਰਿਕਟ ‘ਚ 43 ਸੈਂਕੜੇ ਦਰਜ ਹਨ। ਕੋਹਲੀ 2 ਸਾਲ ਤੋਂ ਜ਼ਿਆਦਾ ਸਮੇਂ ਤੋਂ ਭਾਰਤ ‘ਚ ਇਨਸਟਾਗ੍ਰੈਮ ‘ਤੇ ਸਭ ਤੋਂ ਜ਼ਿਆਦਾ ਫ਼ੌਲੋ ਕੀਤੇ ਜਾਣ ਵਾਲੇ ਵਿਅਕਤੀ ਹਨ।