ਅਹਿਮਦਾਬਾਦ (ਭਾਸ਼ਾ) – ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਮੰਗਲਵਾਰ ਨੂੰ ਇੱਥੇ ਇੱਕ ਹਸਪਤਾਲ ‘ਚ ਕੋਵਿਡ-19 ਦਾ ਟੀਕਾ ਲਗਵਾਇਆ। ਸ਼ਾਸਤਰੀ ਨੇ ਸਹਿਯੋਗ ਅਤੇ ਸਮਰਥਨ ਲਈ ਅਪੋਲੋ ਹਸਪਤਾਲ ਦੇ ਸਟਾਫ਼ ਦਾ ਧੰਨਵਾਦ ਕੀਤਾ। ਉਹ 58 ਸਾਲ ਦੇ ਹਨ।
ਇਸ ਸਾਬਕਾ ਭਾਰਤੀ ਕ੍ਰਿਕਟਰ ਨੇ ਟਵੀਟ ਕੀਤਾ, ”ਕੋਵਿਡ-19 ਟੀਕੇ ਦੀ ਪਹਿਲੀ ਡੋਜ਼ ਲੱਗ ਗਈ ਹੈ। ਮੈਡੀਕਲ ਪੇਸ਼ੇਵਰਾਂ ਅਤੇ ਵਿਗਿਆਨਕਾਂ ਦਾ ਧੰਨਵਾਦ ਜਿਨ੍ਹਾਂ ਨੇ ਮਹਾਂਮਾਰੀ ਖ਼ਿਲਾਫ਼ ਭਾਰਤੀ ਝੰਡਾ ਬੁਲੰਦ ਕੀਤਾ।” ਭਾਰਤ ‘ਚ ਸੋਮਵਾਰ ਤੋਂ ਦੂਜੇ ਪੜਾਅ ਦੇ ਟੀਕਾਕਰਨ ਅਭਿਆਨ ਦੀ ਸ਼ੁਰੂਆਤ ਹੋਈ ਜਿਸ ‘ਚ ਇਸ ਦੇ ਦਾਇਰੇ ਨੂੰ ਵਧਾਉਂਦੇ ਹੋਏ ਸੀਨੀਅਰ ਨਾਗਰਿਕਾਂ ਅਤੇ ਗੰਭੀਰ ਬੀਮਾਰੀਆਂ ਨਾਲ ਪੀੜਤ 45 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਵੀ ਟੀਕੇ ਲਗਾਏ ਜਾ ਰਹੇ ਹਨ।
ਸ਼ਾਸਤਰੀ ਨੇ ਲਿਖਿਆ, ”ਕਾਂਤਾਬੇਨ ਅਤੇ ਉਨ੍ਹਾਂ ਦੀ ਟੀਮ ਨੇ ਅਹਿਮਦਾਬਾਦ ਦੇ ਅਪੋਲੋ ਹਸਪਤਾਲ ‘ਚ ਕੋਵਿਡ-19 ਟੀਕਾਕਰਨ ਦੌਰਾਨ ਜੋ ਪੇਸ਼ੇਵਰਾਨਾ ਵਤੀਰਾ ਦਿਖਾਇਆ ਉਸ ਤੋਂ ਕਾਫ਼ੀ ਪ੍ਰਭਾਵਿਤ ਹਾਂ।” ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਕਿ ਭਾਰਤੀ ਟੀਮ ਦੇ ਸਹਿਯੋਗੀ ਸਟਾਫ਼ ਦੇ ਕਿਸੇ ਹੋਰ ਮੈਂਬਰ ਨੂੰ ਵੀ ਟੀਕਾ ਲੱਗਾ ਹੈ ਜਾਂ ਨਹੀਂ।
ਭਾਰਤੀ ਕ੍ਰਿਕਟ ਟੀਮ ਇੱਥੇ ਇੰਗਲੈਂਡ ਖ਼ਿਲਾਫ਼ ਟੈੱਸਟ ਸੀਰੀਜ਼ ‘ਚ ਖੇਡ ਰਹੀ ਹੈ। ਚੌਥਾ ਅਤੇ ਆਖਰੀ ਟੈੱਸਟ ਅਹਿਮਦਾਬਾਦ ‘ਚ ਵੀਰਵਾਰ ਨੂੰ ਖੇਡਿਆ ਜਾਵੇਗਾ। ਭਾਰਤ ਅਜੇ ਸੀਰੀਜ਼ ‘ਚ 2-1 ਨਾਲ ਅੱਗੇ ਚੱਲ ਰਿਹਾ ਹੈ।