ਦੁਬਈ – ਭਾਰਤੀ ਔਫ਼ ਸਪਿਨਰ ਰਵੀ ਚੰਦਰਨ ਅਸ਼ਵਿਨ ਨੂੰ ਇੰਗਲੈਂਡ ਖ਼ਿਲਾਫ਼ ਚਾਰ ਮੈਚਾਂ ਦੀ ਘਰੇਲੂ ਸੀਰੀਜ਼ ‘ਚ ਸ਼ਾਨਦਾਰ ਪ੍ਰਦਰਸ਼ਨ ਲਈ ਮੰਗਲਵਾਰ ਨੂੰ ICC (ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ) ਦਾ ਫ਼ਰਵਰੀ ਮਹੀਨੇ ਦਾ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ ਹੈ।
ਅਸ਼ਵਿਨ ਦੇ ਹਰਫ਼ਨਮੌਲਾ ਖੇਡ ਨਾਲ ਭਾਰਤੀ ਟੀਮ ਟੈੱਸਟ ਸੀਰੀਜ਼ ਨੂੰ 3-1 ਨਾਲ ਜਿੱਤ ਕੇ ICC ਵਿਸ਼ਵ ਟੈੱਸਟ ਚੈਂਪੀਅਨਸ਼ਿਪ ਦੇ ਫ਼ਾਈਨਲ ‘ਚ ਜਗ੍ਹਾ ਪੱਕੀ ਕਰ ਚੁੱਕੀ ਹੈ। ਇੰਗਲੈਂਡ ਦੀ ਟੈਮੀ ਬਿਊਮੋਂਟ ਨੂੰ ਮਹੀਨੇ ਦੀ ਸਰਵਸ੍ਰੇਸ਼ਠ ਮਹਿਲਾ ਖਿਡਾਰਣ ਚੁਣਿਆ ਗਿਆ। ICC ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਅਸ਼ਵਿਨ ਨੇ ਇਸ ਦੌਰਾਨ ਖੇਡੇ ਗਏ ਤਿੰਨ ਟੈੱਸਟ ਮੈਚਾਂ ‘ਚ 24 ਵਿਕਟਾਂ ਲੈਣ ਤੋਂ ਇਲਾਵਾ ਚੇਨਈ ‘ਚ ਦੂਜੀ ਪਾਰੀ ‘ਚ 106 ਦੌੜਾਂ ਦਾ ਸ਼ਾਨਦਾਰ ਯੋਗਦਾਨ ਦੇ ਕੇ ਇੰਗਲੈਂਡ ਖ਼ਿਲਾਫ਼ ਸੀਰੀਜ਼ ਦੇ ਰੁੱਖ ਨੂੰ ਮੋੜਨ ‘ਚ ਅਹਿਮ ਭੂਮਿਕਾ ਨਿਭਾਈ। ਉਸ ਨੇ ਇਨ੍ਹਾਂ ਮੈਚਾਂ ‘ਚ ਕੁੱਲ 176 ਦੌੜਾਂ ਦਾ ਯੋਗਦਾਨ ਦਿੱਤਾ। ਉਸ ਨੇ ਅਹਿਮਦਾਬਾਦ ‘ਚ ਖੇਡੇ ਗਏ ਤੀਜੇ ਮੈਚ ‘ਚ ਆਪਣੇ ਟੈੱਸਟ ਕ੍ਰਿਕਟ ਦੀ ਸੰਖਿਆ ਨੂੰ 400 ਦੇ ਪਾਰ ਪਹੁੰਚਾਇਆ।
ਅਸ਼ਵਿਨ ਨਾਲ ਇਸ ਸੂਚੀ ‘ਚ ਇੰਗਲੈਂਡ ਦੇ ਕਪਤਾਨ ਜੋਅ ਰੂਟ (333 ਦੌੜਾਂ ਅਤੇ 6 ਵਿਕਟਾਂ) ਅਤੇ ਵੈੱਸਟ ਇੰਡੀਜ਼ ਦੇ ਡੈਬੀਊ ਕਰ ਰਹੇ ਖਿਡਾਰੀ ਕਾਇਲੀ ਮਾਯਰਜ਼ ਨੂੰ ਨਾਮਜ਼ਦਗੀ ਮਿਲੀ ਸੀ। ਮਾਯਰਜ਼ ਨੇ ਬੰਗਲਾਦੇਸ਼ ਨਾਲ ਸੀਰੀਜ਼ ਦੇ ਪਹਿਲੇ ਟੈੱਸਟ ਮੈਚ ਦੀ ਦੂਜੀ ਪਾਰੀ ‘ਚ 210 ਦੌੜਾਂ ਬਣਾਈਆਂ ਸਨ ਜਿਸ ਨਾਲ ਉਨ੍ਹਾਂ ਦੀ ਟੀਮ ਨੇ 395 ਦੌੜਾਂ ਦੇ ਵੱਡੇ ਟੀਚੇ ਨੂੰ ਹਾਸਿਲ ਕੀਤਾ ਸੀ।
ICC ਨੇ ਕਿਹਾ ਕਿ ਇਨ੍ਹਾਂ ਮੈਚਾਂ ‘ਚ ਕੁੱਲ 176 ਦੌੜਾਂ ਬਣਾਉਣ ਅਤੇ 24 ਵਿਕਟਾਂ ਲੈਣ ਲਈ ਅਸ਼ਵਿਨ ਨੂੰ ਪੁਰਸ਼ ਵਰਗ ‘ਚ ਫ਼ਰਵਰੀ ਦਾ ਮਹੀਨੇ ਦਾ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ ਹੈ। ਟੈਮੀ ਬਿਊਮੋਂਟ ਨੇ ਇਸ ਦੌਰਾਨ ਨਿਊ ਜ਼ੀਲੈਂਡ ਖ਼ਿਲਾਫ਼ ਤਿੰਨ ਵਨਡੇ ਮੈਚਾਂ ‘ਚ ਤਿੰਨ ਅਰਧ ਸੈਂਕੜੇ ਦੀ ਪਾਰੀ ਖੇਡ ਕੇ ਕੁੱਲ 231 ਦੌੜਾਂ ਬਣਾਈਆਂ ਸਨ। ICC ਵੋਟਿੰਗ ਅਕਾਦਮੀ ਦੇ ਮੈਂਬਰ ਇਐਨ ਬਿਸ਼ਪ ਨੇ ਅਸ਼ਵਿਨ ਦੇ ਪ੍ਰਦਰਸ਼ਨ ‘ਤੇ ਕਿਹਾ, ”ਅਸ਼ਵਿਨ ਲਗਾਤਾਰ ਵਿਕਟ ਲੈਣ ‘ਚ ਸਫ਼ਲ ਰਿਹਾ ਜਿਸ ਨਾਲ ਭਾਰਤੀ ਟੀਮ ਅਹਿਮ ਸੀਰੀਜ਼ ‘ਚ ਆਪਣਾ ਦਬਦਬਾ ਬਣਾ ਸਕੀ। ਦੂਜੇ ਟੈੱਸਟ ‘ਚ ਅਸ਼ਵਿਨ ਦੀ ਸੈਂਕੜੇ ਦੀ ਪਾਰੀ ਕਾਫ਼ੀ ਅਹਿਮ ਸੀ ਕਿਉਂਕਿ ਉਹ ਅਜਿਹੇ ਸਮੇਂ ‘ਚ ਆਈ ਜਦੋਂ ਇੰਗਲੈਂਡ ਦੀ ਟੀਮ ਮੈਚ ‘ਚ ਵਾਪਸੀ ਕਰ ਰਹੀ ਸੀ।”
ਬਿਊਮੋਂਟ ਬਾਰੇ ਉਨ੍ਹਾਂ ਨੇ ਕਿਹਾ, ”ਅਸ਼ਵਿਨ ਦੀਆਂ 3 ਅਰਧ ਸੈਂਕੜੇ ਵਾਲੀਆਂ ਪਾਰੀਆਂ ‘ਚੋਂ ਦੋ ਨੇ ਟੀਮ ਨੂੰ ਮੈਚ ਜਿੱਤਣ ‘ਚ ਮਦਦ ਕੀਤੀ।” ਹਰ ਮਹੀਨੇ ਦਿੱਤੇ ਜਾਣ ਵਾਲੇ ਇਨ੍ਹਾਂ ਪੁਰਸਕਾਰਾਂ ਲਈ ਨਾਮਜ਼ਦ ਖਿਡਾਰੀਆਂ ‘ਚ ਜੇਤੂਆਂ ਦੀ ਚੋਣ ਵੋਟਿੰਗ ਅਕਾਦਮੀ ਕਰਦੀ ਹੈ ਜਿਸ ‘ਚ ਕ੍ਰਿਕਟ ਜਗਤ ਦੇ ਮਸ਼ਹੂਰ ਮੈਂਬਰਾਂ ਨੂੰ ਜਗ੍ਹਾ ਮਿਲੀ ਹੋਈ ਹੈ। ਇਸ ‘ਚ ਸੀਨੀਅਰ ਪੱਤਰਕਾਰ, ਸਾਬਕਾ ਖਿਡਾਰੀ, ਪ੍ਰਸਾਰਨਕਰਤਾ ਅਤੇ ICC ਹਾਲ ਔਫ਼ ਫ਼ੇਮ ਦੇ ਕੁੱਝ ਮੈਂਬਰ ਸ਼ਾਮਿਲ ਹਨ। ਵੋਟਿੰਗ ਅਕਾਦਮੀ ‘ਚ ਭਾਰਤ ਦੇ ਸਾਬਕਾ ਦਿੱਗਜ ਕ੍ਰਿਕਟਰ ਵੀ. ਵੀ. ਐੱਸ. ਲਕਸ਼ਮਣ ਅਤੇ ਖੇਡ ਪੱਤਰਕਾਰ ਮੋਨਾ ਪਾਰਥਸਾਰਥੀ ਨੂੰ ਜਗ੍ਹਾ ਮਿਲੀ ਹੈ।