ਨਵੀਂ ਦਿੱਲੀ – ਭਾਰਤੀ ਕ੍ਰਿਕਟ ਬੋਰਡ (BCCI) ਦੇ ਪ੍ਰਧਾਨ ਸੌਰਵ ਗਾਂਗੁਲੀ ਦੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜਨੀਤੀ ‘ਚ ਉਤਰਨ ਨੂੰ ਲੈ ਕੇ ਵਧਦੀਆਂ ਅਟਕਲਾਂ ‘ਚਾਲੇ ਘੁੰਮਾ ਫ਼ਿਰਾ ਕੇ ਕਿਹਾ ਕਿ ਦੇਖਦੇ ਹਾਂ, ਕਿਹੋ ਜਿਹੇ ਮੌਕੇ ਮਿਲਦੇ ਹਨ ਅਤੇ ਕੀ ਹੁੰਦਾ ਹੈ।
ਗਾਂਗੁਲੀ ਐਂਜੀਓਪਲਾਸਟੀ ਕਰਾਉਣ ਦੇ ਬਾਅਦ ਕੋਲਕਾਤਾ ‘ਚ ਆਪਣੇ ਨਿਵਾਸ ‘ਤੇ ਆਰਾਮ ਕਰ ਰਹੇ ਹਨ। ਉਹ ਜਾਣਦੇ ਹਨ ਕਿ 27 ਮਾਰਚ ਤੋਂ 29 ਅਪ੍ਰੈਲ ਤਕ ਹੋਣ ਵਾਲੀਆਂ ਅੱਠ ਪੜਾਵਾਂ ਦੀਆਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੇ ਰਾਜਨੀਤੀ ‘ਚ ਵਿਸ਼ੇਸ਼ ਕਰ ਕੇ ਭਾਜਪਾ ਨਾਲ ਜੁੜਨ ਦੀਆਂ ਅਟਕਲਾਂ ਚੱਲ ਰਹੀਆਂ ਹਨ। ਗਾਂਗੁਲੀ ਤੋਂ ਜਦੋਂ ਪੁੱਛਿਆ ਗਿਆ ਕਿ ਕ੍ਰਿਕਟ ਪ੍ਰਸ਼ਾਸਨ ਦੇ ਬਾਅਦ ਅੱਗੇ ਦੀ ਕੀ ਯੋਜਨਾ ਹੈ? ਤਾਂ ਉਨ੍ਹਾਂ ਨੇ ਇੱਕ ਨਿਊਜ਼ ਚੈਨਲ ਨੂੰ ਕਿਹਾ, ”ਦੇਖਦੇ ਹਾਂ ਅੱਗੇ ਕੀ ਹੁੰਦਾ ਹੈ, ਕਿਹੋ ਜਿਹਾ ਮੌਕਾ ਆਉਂਦਾ ਹੈ, ਅਸੀਂ ਉਸ ਤੋਂ ਬਾਅਦ ਹੀ ਕੋਈ ਫ਼ੈਸਲਾ ਕਰਾਂਗੇ।”
ਗਾਂਗੁਲੀ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਕਾਫ਼ੀ ਹੈਰਾਨੀ ਭਰੇ ਉਤਾਰ-ਚੜਾਅ ਨਾਲ ਭਰੀ ਰਹੀ ਹੈ, ਅਤੇ ਉਨ੍ਹਾਂ ਨੂੰ ਕਦੇ ਵੀ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਲਈ ਅੱਗੇ ਕੀ ਹੋਵੇਗਾ। ਉਨ੍ਹਾਂ ਕਿਹਾ, ”ਜਦੋਂ ਮੈਂ ਭਾਰਤੀ ਕਪਤਾਨ ਬਣਿਆ ਸੀ ਤਾਂ ਮੈਨੂੰ ਇਸ ਦੀ ਉਮੀਦ ਨਹੀਂ ਸੀ ਕਿਉਂਕਿ ਓਦੋਂ ਸਚਿਨ ਤੇਂਦੁਲਕਰ ਕਪਤਾਨੀ ਕਰ ਰਹੇ ਸਨ। ਜੇਕਰ ਸਚਿਨ ਨੇ ਅਸਤੀਫ਼ਾ ਨਾ ਦਿੱਤਾ ਹੁੰਦਾ ਤਾਂ ਸ਼ਾਇਦ ਮੈਂ ਕਪਤਾਨ ਨਾ ਬਣਿਆ ਹੁੰਦਾ।”
ਉਨ੍ਹਾਂ ਕਿਹਾ, ”ਇਸੇ ਤਰ੍ਹਾਂ ਜਦੋਂ ਮੈਂ BCCI ਪ੍ਰਧਾਨ ਬਣਿਆ ਤਾਂ ਮੈਨੂੰ ਬਣਨ ਤੋਂ ਕੁੱਝ ਮਿੰਟ ਪਹਿਲਾਂ ਵੀ ਨਹੀਂ ਸੀ ਪਤਾ ਕਿ ਮੈਂ BCCI ਪ੍ਰਧਾਨ ਬਣਾਂਗਾ। ਮੇਰੀ ਜ਼ਿੰਦਗੀ ਇਸੇ ਤਰ੍ਹਾਂ ਦੀ ਰਹੀ ਹੈ … ਇਸ ਲਈ ਅਸੀਂ ਦੇਖਾਂਗੇ ਕਿ ਕੀ ਹੁੰਦਾ ਹੈ।” ਗਾਂਗੁਲੀ ਨੇ ਕਿਹਾ ਕਿ ਕਿਸੇ ਦੀ ਜ਼ਿੰਦਗੀ ਦੀਆਂ ਵੱਖ-ਵੱਖ ਚੀਜ਼ਾਂ ਨੂੰ ਦੇਖਦੇ ਹੋਏ ਮੌਕਿਆਂ ‘ਤੇ ਵਿਚਾਰ ਕਰਨ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਕਿਹਾ, ”ਮੌਕੇ ਆਉਂਦੇ ਹਨ ਅਤੇ ਤੁਸੀਂ ਕਈ ਚੀਜ਼ਾਂ ਤੋਂ ਪ੍ਰਭਾਵਿਤ ਹੁੰਦੇ ਹੋ, ਤੁਹਾਡਾ ਪਰਿਵਾਰ, ਜੀਵਨਸ਼ੈਲੀ, ਕੰਮ, ਸਿਹਤ, ਅਸੀਂ ਦੇਖਾਂਗੇ ਕਿ ਕੀ ਹੁੰਦਾ ਹੈ।”
ਜਦੋਂ ਉਨ੍ਹਾਂ ਤੋਂ ਇੰਡੀਅਨ ਪ੍ਰੀਮੀਅਰ ਲੀਗ ‘ਚ ਦਰਸ਼ਕਾਂ ਨੂੰ ਇਜਾਜ਼ਤ ਨਾ ਦੇਣ ਦੇ ਸਬੰਧ ‘ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਲੀਗ ‘ਚ ਦਰਸ਼ਕਾਂ ਨੂੰ ਇਜਾਜ਼ਤ ਦੇਣ ਨਾਲ ਕਾਫ਼ੀ ਜ਼ਿਆਦਾ ਵੱਡਾ ਲੌਜਿਸਟਿਕਲ ਮੁੱਦਾ ਹੋ ਸਕਦਾ ਸੀ ਜੋ ਹਾਲ ਹੀ ‘ਚ ਇੰਗਲੈਂਡ ਖ਼ਿਲਾਫ਼ ਖ਼ਤਮ ਹੋਈ ਟੈੱਸਟ ਸੀਰੀਜ਼ ਦੀ ਤੁਲਨਾ ‘ਚ ਕਿਤੇ ਜ਼ਿਆਦਾ ਮੁਸ਼ਕਿਲ ਹੁੰਦਾ। BCCI ਨੇ ਘੋਸ਼ਣਾ ਕੀਤੀ ਕਿ ਮੁੰਬਈ, ਕੋਲਕਾਤਾ, ਦਿੱਲੀ, ਚੇਨਈ, ਬੈਂਗਲੁਰੂ ਅਤੇ ਅਹਿਮਦਾਬਾਦ ‘ਚ ਦਰਸ਼ਕਾਂ ਨੂੰ ਪ੍ਰਵੇਸ਼ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਕਿਸੇ ਵੀ ਫ਼ਰੈਂਚਾਇਜ਼ੀ ਲਈ ਕੋਈ ਘਰੇਲੂ ਮੈਚ ਨਹੀਂ ਹੋਣਗੇ। ਉਨ੍ਹਾਂ ਕਿਹਾ, ”ਅਸੀਂ ਇਸ ਦੀ ਯੋਜਨਾ ਚੰਗੀ ਤਰ੍ਹਾਂ ਬਣਾਈ, ਅਤੇ ਅਸੀਂ ਇਸ ਨੂੰ ਟੁੱਕੜਿਆਂ ‘ਚ ਕਰਾਂਗੇ। ਹਰੇਕ ਟੀਮ ਲਈ ਵੱਧ ਤੋਂ ਵੱਧ ਤਿੰਨ ਚਾਰਟਰਡ ਉਡਾਣਾਂ ਹੋਣਗੀਆਂ। ਉਮੀਦ ਕਰਦੇ ਹਾਂ ਕਿ ਅਸੀਂ ਸੰਭਾਲ ਸਕਾਂਗੇ।” ਉਨ੍ਹਾਂ ਅੱਗੇ ਕਿਹਾ, ”ਇੰਗਲੈਂਡ ਦੌਰੇ ‘ਤੇ ਟੀਮਾਂ ਲਈ ਸਿਰਫ਼ ਦੋ ਘਰੇਲੂ ਚਾਰਟਰਡ ਉਡਾਣਾਂ ਹੀ ਸਨ।”

ਗਾਂਗੁਲੀ ਨੇ ਕਿਹਾ, ”ਉਡਾਣਾਂ ਘੱਟ ਹਨ ਪਰ ਇਹ ਇੱਕ ਵੱਡਾ ਟੂਰਨਾਮੈਂਟ ਹੈ, ਅਤੇ BCCI ਨੇ ਦੁਬਈ ‘ਚ ਸਫ਼ਲ ਆਯੋਜਨ ਕੀਤਾ ਸੀ। ਉਮੀਦ ਹੈ ਕਿ ਅਸੀਂ ਇਸ ਵਾਰ ਵੀ ਅਜਿਹਾ ਕਰ ਸਕਾਂਗੇ।” ਗਾਂਗੁਲੀ ਨੇ ਹਾਲਾਂਕਿ ਕੁੱਝ ਨਹੀਂ ਦੱਸਿਆ ਕਿ BCCI IPLL ਲਈ ਕਰਦੋਂ ਦਰਸ਼ਕਾਂ ਨੂੰ ਇਜਾਜ਼ਤ ਦੇਣ ‘ਤੇ ਵਿਚਾਰ ਕਰ ਰਿਹਾ ਹੈ। ਉਨ੍ਹਾਂ ਕਿਹਾ, ”ਅਜੇ ਨਹੀਂ ਜਾਣਦੇ, ਇਹ ਸਥਿਤੀ ‘ਤੇ ਨਿਰਭਰ ਕਰਦਾ ਹੈ। ਦੁਬਈ ‘ਚ ਵੀ ਅਜਿਹਾ ਹੀ ਸੀ।” ਉਨ੍ਹਾਂ ਕਿਹਾ, ”ਇਹ ਦੋ-ਪੱਖੀ ਸੀਰੀਜ਼ ਤੋਂ ਥੋੜਾ ਵੱਖ ਹੁੰਦਾ ਹੈ। ਜੇਕਰ ਤੁਸੀਂ IPLL ‘ਚ ਦਰਸ਼ਕਾਂ ਨੂੰ ਇਜਾਜ਼ਤ ਦਿੰਦੇ ਹੋ ਤਾਂ ਉਹ ਸਟੇਡੀਅਮ ਦੇ ਬਾਹਰ ਅਭਿਆਸ ਕਰ ਰਹੀਆਂ ਟੀਮਾਂ ਦੇ ਕਰੀਬ ਆਉਣ ਦੀ ਕੋਸ਼ਿਸ਼ ਕਰਨਗੇ, ਇਸ ਲਈ ਇਹ ਜੋਖ਼ਿਮ ਭਰਿਆ ਹੋ ਸਕਦਾ ਹੈ।”