ਅਹਿਮਦਾਬਾਦ – ਇੰਗਲੈਂਡ ਦੇ ਨੌਜਵਾਨ ਆਲਰਾਊਂਡਰ ਤੇ ਚੇਨਈ ਸੁਪਰ ਕਿੰਗਜ਼ ਦੇ ਖਿਡਾਰੀ ਸੈਮ ਕਿਊਰੇਨ ਨੇ ਕਿਹਾ ਹੈ ਕਿ ਉਸ ਨੂੰ ਲੱਗਦਾ ਹੈ ਕਿ IPLL ਨੇ ਉਸ ਨੂੰ ਇੱਕ ਬਿਹਤਰ ਖਿਡਾਰੀ ਬਣਾਇਆ ਹੈ। ਉਸ ਨੇ ਕਿਹਾ ਕਿ ਪਿਛਲੇ ਸਾਲ ਸੰਯੁਕਤ ਅਰਬ ਅਮੀਰਾਤ (UAE) ‘ਚ IPLL ਖੇਡਣਾ ਬਹੁਤ ਸ਼ਾਨਦਾਰ ਤਜਰਬਾ ਰਿਹਾ।
ਇੰਗਲੈਂਡ ਦੀ ਟੀਮ ‘ਚ ਵਾਪਿਸ ਪਰਤੇ ਕਿਊਰੇਨ ਨੇ ਕਿਹਾ, ”ਪਿਛਲੇ ਸਾਲ UAE ‘ਚ IPLL ਦੌਰਾਨ ਮੈਂ ਵੱਖ-ਵੱਖ ਭੂਮਿਕਾਵਾਂ ਨਿਭਾਈਆਂ ਅਤੇ ਵੱਖ-ਵੱਖ ਤਰੀਕਿਆਂ ਨਾਲ ਚੁਣੌਤੀਆਂ ਦਾ ਸਾਹਮਣਾ ਕੀਤਾ ਜਿਸ ਦਾ ਮੈਂ ਕਾਫ਼ੀ ਮਜ਼ਾ ਲਿਆ। ਮੈਨੂੰ ਲੱਗਦਾ ਹੈ ਕਿ ਇਹ ਮੇਰੇ ਲਈ ਲਾਭਦਾਇਕ ਰਿਹਾ। IPLL ਸ਼ਾਨਦਾਰ ਟੂਰਨਾਮੈਂਟ ਹੈ, ਸਾਡੇ ਵਰਗੇ ਖਿਡਾਰੀ IPLL ‘ਚ ਖੇਡਣਾ ਪਸੰਦ ਕਰਦੇ ਹਨ। ਇੱਥੇ ਪ੍ਰਸੰਸਕਾਂ ਦੀ ਬਹੁਤ ਵੱਡੀ ਭੀੜ ਹੁੰਦੀ ਹੈ। ਅਸਲ ‘ਚ ਭਾਰਤ ਕ੍ਰਿਕਟ ਖੇਡਣ ਲਈ ਇੱਕ ਸ਼ਾਨਦਾਰ ਸਥਾਨ ਹੈ। IPLL ਸਰਵਸ੍ਰੇਸ਼ਠ T-20 ਟੂਰਨਾਮੈਂਟ ਹੈ, ਅਤੇ ਅਸੀਂ ਖ਼ੁਸ਼ ਹਾਂ ਕਿ ਅਗਲਾ T-20 ਵਿਸ਼ਵ ਕੱਪ ਵੀ ਭਾਰਤ ‘ਚ ਹੋ ਰਿਹਾ ਹੈ। ਇਸ ਨਾਲ ਸਾਡੀ ਚੰਗੀ ਤਿਆਰੀ ਹੋਵੇਗੀ ਅਤੇ ਸਾਨੂੰ ਇੱਥੋਂ ਦੇ ਹਾਲਾਤ ‘ਚ ਖੇਡਣ ਦਾ ਤਜਰਬਾ ਮਿਲੇਗਾ। ਮੈਂ ਇਸ ਲਈ ਬਹੁਤ ਉਤਸ਼ਾਹਿਤ ਹਾਂ।”