ਨੌਰਥ ਪੁਆਇੰਟ – ਡੈਰੇਨ ਬ੍ਰਾਵੋ ਦੇ ਚੌਥੇ ਵਨ ਡੇ ਸੈਂਕੜੇ ਦੀ ਮਦਦ ਨਾਲ ਵੈੱਸਟ ਇੰਡੀਜ਼ ਨੇ ਸ਼੍ਰੀ ਲੰਕਾ ਨੂੰ ਤੀਜੇ ਵਨ ਡੇ ਕ੍ਰਿਕਟ ਮੈਚ ‘ਚ ਪੰਜ ਵਿਕਟਾਂ ਨਾਲ ਹਰਾ ਕੇ ਸੀਰੀਜ਼ 3-0 ਨਾਲ ਜਿੱਤ ਲਈ। ਬ੍ਰਾਵੋ 47ਵੇਂ ਓਵਰ ‘ਚ 102 ਦੌੜਾਂ ਬਣਾ ਕੇ ਆਊਟ ਹੋਇਆ। ਉਸ ਸਮੇਂ ਸ਼੍ਰੀ ਲੰਕਾ ਦੀਆਂ 6 ਵਿਕਟਾਂ 274 ਦੌੜਾਂ ਦੇ ਸਕੋਰ ਨੂੰ ਪਿੱਛੇ ਛੱਡਣ ਲਈ ਵੈੱਸਟ ਇੰਡੀਜ਼ ਨੂੰ ਸਿਰਫ਼ 26 ਦੌੜਾਂ ਦੀ ਲੋੜ ਸੀ। ਬ੍ਰਾਵੋ ਨੇ ਕਪਤਾਨ ਕੀਰੋਨ ਪੋਲਾਰਡ ਦੇ ਨਾਲ 80 ਦੌੜਾਂ ਦੀ ਸਾਂਝੇਦਾਰੀ ਕੀਤੀ ਜਿਹੜਾ 53 ਦੌੜਾਂ ਬਣਾ ਕੇ ਅਜੇਤੂ ਰਿਹਾ। ਮੇਜ਼ਬਾਨ ਟੀਮ ਨੇ ਨੌਂ ਗੇਂਦਾਂ ਬਾਕੀ ਰਹਿੰਦਿਆਂ ਮੈਚ ਜਿੱਤਿਆ।
ਇਸ ਤੋਂ ਪਹਿਲਾਂ ਬ੍ਰਾਵੋ ਤੇ ਸ਼ੇਅ ਹੋਪ ਨੇ ਤੀਜੀ ਵਿਕਟ ਲਈ 109 ਦੌੜਾਂ ਜੋੜੀਆਂ। ਵੈੱਸਟ ਇੰਡੀਜ਼ ਨੇ ਦੋ ਵਿਕਟਾਂ 10ਵੇਂ ਓਵਰ ‘ਚ 39 ਦੌੜਾਂ ‘ਤੇ ਗੁਆ ਦਿੱਤੀਆਂ ਸਨ, ਪਰ ਉਨ੍ਹਾਂ ਦੋਹਾਂ ਨੇ ਟੀਮ ਨੂੰ ਮੈਚ ‘ਚ ਵਾਪਸੀ ਦਿਵਾਈ। ਕਪਤਾਨ ਜੇਸਨ ਹੋਲਡਰ ਨੇ 49ਵੇਂ ਓਵਰ ਦੀ ਤੀਜੀ ਗੇਂਦ ‘ਤੇ ਛੱਕਾ ਲਾ ਕੇ ਟੀਮ ਨੂੰ ਜਿੱਤ ਤਕ ਪਹੁੰਚਾਇਆ। ਬ੍ਰਾਵੋ ਨੇ ਜੂਨ 2016 ਤੋਂ ਬਾਅਦ ਪਹਿਲਾ ਵਨ ਡੇ ਸੈਂਕੜਾ ਲਾਇਆ। ਉਸ ਸਮੇਂ ਉਸ ਨੇ ਬਾਰਬੇਡੋਜ਼ ‘ਚ ਦੱਖਣੀ ਅਫ਼ਰੀਕਾ ਵਿਰੁੱਧ 102 ਦੌੜਾਂ ਬਣਾਈਆਂ ਸਨ। ਪਹਿਲੇ ਦੋ ਵਨ ਡੇ ‘ਚ ਉਸ ਨੇ 37 ਅਜੇਤੂ ਤੇ 10 ਦੌੜਾਂ ਦੀ ਪਾਰੀ ਖੇਡੀ ਸੀ। ਪਹਿਲੇ ਮੈਚ ‘ਚ ਹੋਪ ਨੇ 110 ਤੇ ਦੂਜੇ ‘ਚ ਐਵਿਨ ਲੂਈਸ ਨੇ 103 ਦੌੜਾਂ ਬਣਾਈਆਂ ਸਨ।