ਅਹਿਮਦਾਬਾਦ – ਇੰਗਲੈਂਡ ਦੇ ਕਪਤਾਨ ਇਯੋਨ ਮੌਰਗਨ ਦਾ ਮੰਨਣਾ ਹੈ ਕਿ ਹੌਲੀ ਪਿੱਚ ‘ਤੇ ਉਸ ਦੀ ਟੀਮ ਦੀਆਂ ‘ਕਮਜ਼ੋਰੀਆਂ ‘ਨੂੰ ਭਾਰਤ ਨੇ ਉਜਾਗਰ ਕਰ ਦਿੱਤਾ ਹੈ, ਪਰ ਕਿਹਾ ਕਿ ਇੱਥੇ ਖੇਡਣ ਨਾਲ ਹੀ ਉਹ T-20 ਵਿਸ਼ਵ ਕੱਪ ਦੀ ਤਿਆਰੀ ਕਰ ਸਕਣਗੇ।
ਮੌਰਗਨ ਨੇ ਮੰਨਿਆ ਕਿ ਦੂਜੇ ਮੈਚ ‘ਚ ਉਸ ਦੀ ਟੀਮ ਹੌਲੀ ਪਿੱਚ ਦੇ ਅਨੁਕੂਲ ਢੱਲ ਨਹੀਂ ਸਕੀ। ਉਸ ਨੇ ਕਿਹਾ, ”ਦੋਹਾਂ ਟੀਮਾਂ ਵਿਚਾਲੇ ਫ਼ਰਕ ਵਿਕਟ ਅਤੇ ਉਸ ਦੇ ਅਨੁਕੂਲ ਢਲਣ ਦਾ ਸੀ। ਇਹ ਪਹਿਲੇ ਮੈਚ ਦੀ ਪਿੱਚ ਤੋਂ ਵੱਖਰੀ ਪਿੱਚ ਸੀ। ਪਿੱਚ ਹੌਲੀ ਸੀ ਅਤੇ ਇਸ ‘ਤੇ ਸਾਡੀਆਂ ਕਮਜ਼ੋਰੀਆਂ ਉਜਾਗਰ ਹੋ ਗਈਆਂ। ‘ ‘ਉਸ ਨੇ ਕਿਹਾ, ”ਅਸੀਂ ਹੌਲੀਆਂ ਵਿਕਟਾਂ ‘ਤੇ ਨਹੀਂ ਖੇਡਦੇ। ਇਨ੍ਹਾਂ ‘ਤੇ ਜਿੰਨਾ ਜ਼ਿਆਦਾ ਖੇਡੋਗਾ ਓਨਾ ਹੀ ਫ਼ਾਇਦਾ ਹੋਵੇਗਾ। ਇਨ੍ਹਾਂ ਹਾਲਾਤ ‘ਚ ਖੇਡ ਕੇ ਅਤੇ ਗ਼ਲਤੀਆਂ ਤੋਂ ਸਿੱਖ ਕੇ ਹੀ ਬਿਹਤਰ ਪ੍ਰਦਰਸ਼ਨ ਕਰ ਸਕਦੇ ਹੋ।”
ਜ਼ਿਕਰਯੋਗ ਹੈ ਕਿ ਕਪਤਾਨ ਵਿਰਾਟ ਕੋਹਲੀ (ਅਜੇਤੂ 73) ਅਤੇ ਡੈਬਿਊ ਕਰ ਰਹੇ ਅਤੇ ਮੈਨ ਔਫ਼ ਦਾ ਮੈਚ ਇਸ਼ਾਨ ਕਿਸ਼ਨ (56) ਦੇ ਅਰਧ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਐਤਵਾਰ ਨੂੰ ਇੱਥੇ ਦੂਜੇ T-20 ਕੌਮਾਂਤਰੀ ਮੈਚ ‘ਚ ਸ਼ਾਨਦਾਰ ਵਾਪਸੀ ਕਰਦੇ ਹੋਏ ਇੰਗਲੈਂਡ ਨੂੰ 13 ਗੇਂਦਾਂ ਬਾਕੀ ਰਹਿੰਦਿਆਂ ਸੱਤ ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ‘ਚ 1-1 ਨਾਲ ਬਰਾਬਰੀ ਕਰ ਲਈ ਸੀ, ਪਰ ਤੀਸਰੇ ਮੈਚ ‘ਚ ਮਿਲੀ ਅੱਠ ਵਿਕਟਾਂ ਦੀ ਕਰਾਰੀ ਹਾਰ ਮਗਰੋਂ ਭਾਰਤ 2-1 ਨਾਲ ਪਿੱਛੇ ਚਲਾ ਗਿਆ ਹੈ।