ਪੁਣੇ – ਕਰੁਣਾਲ ਪੰਡਯਾ ਨੇ ਆਪਣੇ ਡੈਬੀਊ ਵਨ-ਡੇ ‘ਚ ਤੂਫ਼ਾਨੀ ਪਾਰੀ ਖੇਡੀ। ਉਸ ਨੇ 26 ਗੇਂਦਾਂ ‘ਤੇ ਅਰਧ ਸੈਂਕੜਾ ਪੂਰਾ ਕੀਤਾ। ਇਹ ਬਤੌਰ ਭਾਰਤੀ ਬੱਲੇਬਾਜ਼ ਡੈਬੀਊ ਮੈਚ ‘ਚ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਕਰੁਣਾਲ ਦੀ ਪਾਰੀ ਦੇ ਦਮ ‘ਤੇ ਟੀਮ ਇੰਡੀਆ ਨੇ ਪਹਿਲੇ ਵਨ-ਡੇ (ਭਾਰਤ ਬਨਾਮ ਇੰਗਲੈਂਡ) ‘ਚ 5 ਵਿਕਟਾਂ ‘ਤੇ 317 ਦੌੜਾਂ ਦਾ ਸਕੋਰ ਖੜ੍ਹਾ ਕਰ ਦਿੱਤਾ। ਕੇ. ਐੱਲ. ਰਾਹੁਲ ਤੇ ਸ਼ਿਖਰ ਧਵਨ ਨੇ ਵੀ ਸ਼ਾਨਦਾਰ ਪਾਰੀ ਖੇਡੀ।
ਕਰੁਣਾਲ ਪੰਡਯਾ ਜਦੋਂ ਬੱਲੇਬਾਜ਼ੀ ਕਰਨ ਉਤਰੇ ਉਦੋਂ ਟੀਮ ਦਾ ਸਕੋਰ 5 ਵਿਕਟਾਂ ‘ਤੇ 205 ਦੌੜਾਂ ਸੀ ਤੇ 57 ਗੇਂਦਾਂ ਬਾਕੀ ਸਨ। ਇਸ ਤੋਂ ਬਾਅਦ ਕਰੁਣਾਲ ਪੰਡਯਾ ਨੇ (58 ਅਜੇਤੂ) ਅਤੇ ਲੋਕੇਸ਼ ਰਾਹੁਲ (62 ਅਜੇਤੂ) ਨੇ ਸ਼ਾਨਦਾਰ ਪਾਰੀ ਖੇਡ ਸਕੋਰ 300 ਦੌੜਾਂ ਤੋਂ ਪਾਰ ਪਹੁੰਚਾਇਆ। ਪੰਡਯਾ ਨੇ ਪਾਰੀ ‘ਚ 31 ਗੇਂਦ ਦਾ ਸਾਹਮਣਾ ਕੀਤਾ ਅਤੇ 7 ਚੌਕੇ ਤੇ 2 ਛੱਕੇ ਲਾਏ ਜਦਕਿ ਰਾਹੁਲ ਨੇ 43 ਗੇਂਦ ਦਾ ਸਾਹਮਣਾ ਕੀਤਾ ਤੇ 4 ਚੌਕੇ ਤੇ 4 ਛੱਕੇ ਲਾਏ। ਦੋਹਾਂ ਨੇ 9.3 ਓਵਰਾਂ ‘ਚ 112 ਦੌੜਾਂ ਦੀ ਭਾਈਵਾਲੀ ਕੀਤੀ। ਇਸ ਤੋਂ ਇਲਾਵਾ ਸ਼ਿਖਰ ਧਵਨ ਨੇ 98 ਅਤੇ ਕਪਤਾਨ ਵਿਰਾਟ ਕੋਹਲੀ ਨੇ 56 ਦੌੜਾਂ ਬਣਾਈਆਂ।
ਡੈਬੀਊ ਮੈਚ ‘ਚ ਅਰਧ ਸੈਂਕੜਾ ਲਗਾਉਣ ਵਾਲਾ 15ਵਾਂ ਭਾਰਤੀ
ਕਰੁਣਾਲ ਪੰਡਯਾ ਡੈਬੀਊ ਵਨ-ਡੇ ‘ਚ ਅਰਧ ਸੈਂਕੜਾ ਲਾਉਣ ਵਾਲਾ 15ਵੇਂ ਭਾਰਤੀ ਬੱਲੇਬਾਜ਼ ਬਣ ਗਿਆ। ਜੂਨ 2016 ਤੋਂ ਬਾਅਦ ਕਿਸੇ ਬੱਲੇਬਾਜ਼ ਨੇ ਪਹਿਲੀ ਵਾਰ ਅਜਿਹਾ ਕੀਤਾ ਹੈ। ਆਖ਼ਰੀ ਵਾਰ 15 ਜੂਨ 2016 ਨੂੰ ਫ਼ੈਜ਼ ਫ਼ਜ਼ਲ ਨੇ ਜ਼ਿੰਬਾਬਵੇ ਖ਼ਿਲਾਫ਼ ਹਰਾਰੇ ‘ਚ ਅਜੇਤੂ 55 ਦੌੜਾਂ ਦੀ ਪਾਰੀ ਖੇਡੀ ਸੀ। ਡੈਬੀਊ ਮੈਚ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਕੇ. ਐੱਲ. ਰਾਹੁਲ ਦੇ ਨਾਂ ਹੈ। ਉਸ ਨੇ 2016 ‘ਚ ਜ਼ਿੰਬਾਬਵੇ ਖ਼ਿਲਾਫ਼ ਅਜੇਤੂ 100 ਦੌੜਾਂ ਬਣਾਈਆਂ ਸਨ। ਉਹ ਡੈਬੀਊ ਮੈਚ ‘ਚ ਸੈਂਕੜਾ ਲਾਉਣ ਵਾਲਾ ਇਕਲੌਤਾ ਭਾਰਤੀ ਹੈ।