ਲੰਡਨ – ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਇੰਗਲੈਂਡ ਸੀਰੀਜ਼ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਦੇ ਇਸ ਪ੍ਰਦਰਸ਼ਨ ਤੋਂ ਇੰਗਲੈਂਡ ਦਾ ਸਾਬਕਾ ਬੱਲੇਬਾਜ਼ ਇਐਨ ਬੈੱਲ ਕਾਫ਼ੀ ਪ੍ਰਭਾਵਿਤ ਹੈ ਅਤੇ ਪੰਤ ਨੂੰ ਦੁਰਲੱਭ ਪ੍ਰਤਿਭਾ ਦੱਸਦਿਆਂ ਕਿਹਾ ਕਿ ਉਹ ਇਸ ਨੌਜਵਾਨ ਵਿਕਟਕੀਪਰ ਬੱਲੇਬਾਜ਼ ਤੋਂ ਬਿਨਾਂ ਕਿਸੇ ਭਾਰਤੀ ਟੀਮ ਦੀ ਕਲਪਨਾ ਵੀ ਨਹੀਂ ਕਰ ਸਕਦਾ। ਪੰਤ ਨੇ ਭਾਰਤ ਦੀ ਸੀਮਿਤ ਓਵਰਾਂ ਦੀ ਟੀਮ ‘ਚ ਵਾਪਸੀ ਕੀਤੀ ਅਤੇ ਨੰਬਰ ਚਾਰ ‘ਤੇ ਬੱਲੇਬਾਜ਼ੀ ਕਰਦਿਆਂ ਦੋ ਵਨਡੇ ਮੈਚਾਂ ‘ਚ ਦੋ ਅਰਧ ਸੈਂਕੜੇ ਬਣਾਏ।
ਬੈੱਲ ਨੇ ਕਿਹਾ, ”ਮੈਂ ਉਸ ਦੇ ਬਿਨਾਂ ਕਿਸੇ ਭਾਰਤੀ ਟੀਮ ਦੀ ਕਲਪਨਾ ਵੀ ਨਹੀਂ ਕਰ ਸਕਦਾ। ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਉਹ ਭਵਿੱਖ ਹੈ ਅਤੇ ਉਹ ਵਿਸ਼ਵ ਪੱਧਰੀ ਖਿਡਾਰੀ ਬਣਨ ਦੀ ਰਾਹ ‘ਤੇ ਹੈ।” ਉਸ ਨੇ ਕਿਹਾ, ”ਮੈਨੂੰ ਲੱਗਦਾ ਹੈ ਕਿ ਇਹ ਦੁਰਲੱਭ ਪ੍ਰਤਿਭਾ ਅਤੇ ਇਹ ਉਸ ਦੀ ਸ਼ੁਰੂਆਤ ਹੈ, ਪਰ ਉਸ ਦਾ ਕਰੀਅਰ ਸਫ਼ਲ ਹੈ। ਉਹ ਅਦਭੁੱਤ ਖਿਡਾਰੀ ਹੈ। ਉਹ ਅਸਲ ‘ਚ ਮੈਚ ਜੇਤੂ ਖਿਡਾਰੀ ਹੈ।”
ਪੰਤ ਨੇ ਆਸਟਰੇਲੀਆ ਖ਼ਿਲਾਫ਼ ਤੀਜੇ ਅਤੇ ਚੌਥੇ ਟੈੱਸਟ ਮੈਚ ‘ਚ 97 ਅਤੇ ਅਜੇਤੂ 89 ਦੌੜਾਂ ਬਣਾਈਆਂ ਅਤੇ ਇੰਗਲੈਂਡ ਖ਼ਿਲਾਫ਼ ਚੌਥੇ ਟੈੱਸਟ ‘ਚ ਸੈਂਕੜਾ ਬਣਾਇਆ ਸੀ। ਐਤਵਾਰ ਤੀਸਰੇ ਅਤੇ ਆਖ਼ਰੀ ਵਨਡੇ ‘ਚ ਉਸ ਨੇ 62 ਗੇਂਦਾਂ ‘ਤੇ 78 ਦੌੜਾਂ ਬਣਾਈਆਂ। ਬੈੱਲ ਨੇ ਕਿਹਾ, ”ਉਸ ਲਈ ਇਹ ਸੀਰੀਜ਼ ਸ਼ਾਨਦਾਰ ਰਹੀ। ਤਿੰਨਾਂ ਸਵਰੂਪਾਂ ‘ਚ ਉਸ ਨੇ ਬਿਹਤਰੀਨ ਖੇਡ ਦਿਖਾਈ। ਅੱਜ ਮੈਨੂੰ ਉਸ ‘ਚ ਇੱਕ ਸ਼ਾਂਤ ਚਿਤ ਬੱਲੇਬਾਜ਼ ਵੀ ਦੇਖਿਆ। ਉਸ ਨੇ ਜੋਖ਼ਿਮ ਭਰੇ ਸ਼ੌਟ ਨਹੀਂ ਖੇਡੇ ਅਤੇ ਸਿਰਫ਼ ਲੱਪੇਬਾਜ਼ੀ ਨਹੀਂ ਕੀਤੀ।”