ਇੱਕ ਪਲ ਲਈ ਕਲਪਨਾ ਕਰੋ ਕਿ ਇਹ ਇੱਕ ਸੰਪੂਰਨ ਸੰਸਾਰ ਹੈ। ਸਾਂਤੀ, ਪ੍ਰੇਮ ਅਤੇ ਸਦਭਾਵਨਾ ਨਾਲ ਭਰਪੂਰ। ਸਭ ਪਾਸੇ ਇਤਫ਼ਾਕ, ਕੋਈ ਝੰਝਟ ਨਹੀਂ। ਨੀਂਦ ਤਾਂ ਨਹੀਂ ਆਉਣ ਲੱਗੀ ਤੁਹਾਨੂੰ? ਅਜਿਹੇ ਸੰਸਾਰ ਤੋਂ ਕੀ ਅਸੀਂ ਛੇਤੀ ਹੀ ਉਕਤਾ ਨਹੀਂ ਜਾਵਾਂਗੇ? ਕੁਦਰਤੀ ਤੌਰ ‘ਤੇ ਸਾਨੂੰ ਇਸ ਹਕੀਕਤ ਨੂੰ ਪਛਾਨਣ ਦੀ ਕਾਬਲੀਅਤ ਬਖ਼ਸ਼ੀ ਗਈ ਹੈ। ਸੋ ਅਸੀਂ ਵਾਰੀਆਂ ਪਾ ਕੇ ਆਪਣੀ ਵਿੱਤੋਂ ਬਾਹਰ ਜਾ ਕੇ ਅਜਿਹੀ ਕਿਸੇ ਵੀ ਸਥਿਤੀ ਨੂੰ ਪਨਪਣ ਤੋਂ ਰੋਕਦੇ ਹਾਂ। ਅਸੀਂ ਲੜਦੇ-ਝਗਣਦੇ ਹਾਂ। ਅਸੀਂ ਨਾਰਾਜ਼ਗੀਆਂ ਪਾਲਦੇ ਹਾਂ। ਅਸੀਂ ਵਿਵਾਦਾਂ ਦਾ ਪੋਸ਼ਣ ਕਰਦੇ ਹਾਂ। ਕੀ ਇਹ ਸਾਡੀ ਚੰਗਿਆਈ ਨਹੀਂ? ਆਪਣੀ ਭਾਵਨਾਤਮਕ ਜ਼ਿੰਦਗੀ ਵਿੱਚ ਅਜਿਹੇ ਸਭਿਆਚਾਰ ‘ਚ ਯੋਗਦਾਨ ਪਾਉਣ ਲਈ ਖ਼ੁਦ ਨੂੰ ਮਜਬੂਰ ਨਾ ਸਮਝੋ। ਤਨਾਅ ਨੂੰ ਆਹਿਸਤਾ-ਆਹਿਸਤਾ ਘਟਾਉਣ ਦੀ ਲੋੜ ਹੈ, ਨਾ ਕਿ ਵਧਾਉਣ ਦੀ।

ਅਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਲੋਕਾਂ ਨੂੰ ਬੜੇ ਜੋਸ਼-ਓ-ਖ਼ਰੋਸ਼ ਨਾਲ ਮਿਲਦੇ ਹਾਂ। ”ਹੈਲੋ ਜੀ, ਕੀ ਹਾਲ ਹੈ ਤੁਹਾਡਾ?” ”ਮੈਂ ਬਹੁਤ ਵਧੀਆ, ਤੁਸੀਂ ਕਿਵੇਂ?” ਓਹ, ਮੈਂ ਵੀ ਠੀਕ ਜੀ।” ”ਫ਼ਲਾਣੇ ਦਾ ਕੀ ਹਾਲ ਐ?” ”ਜੀ, ਉਹ ਵੀ ਠੀਕ ਨੇ।” ”ਅਤੇ ਉਹ ਢਿਮਕਾਣਾ ਕਿੱਦਾਂ …” ਖ਼ੈਰ, ਤੁਸੀਂ ਸਮਝ ਹੀ ਗਏ ਹੋਵੋਗੇ ਉਹ ਸਾਰੀ ਕਸਰਤ। ਸਲੀਕੇਦਾਰ ਵਾਰਤਾਲਾਪ। ਇੰਨਾ ਜ਼ਿਆਦਾ ਅਦਬ ਕਿ ਉਹ ਬਹੁਤ ਅਸਰਦਾਰ ਢੰਗ ਨਾਲ ਹਰ ਕਿਸਮ ਦੀ ਸਾਰਥਕ ਗੱਲਬਾਤ ਦੀ ਗੁੰਜਾਇਸ਼ ਹੀ ਨਸ਼ਟ ਕਰ ਦਿੰਦਾ ਹੈ। ਤੁਸੀਂ ਜੋ ਮਹਿਸੂਸ ਕਰ ਰਹੇ ਅਤੇ ਜੋ ਹੰਢਾ ਰਹੇ ਹੋ, ਉਸ ਬਾਰੇ ਪੂਰੀ ਤਰ੍ਹਾਂ ਇਮਾਨਦਾਰ ਕਿਵੇਂ ਹੋ ਸਕਦੇ ਹੋ ਜੇਕਰ ਤੁਸੀਂ ਆਪਣੇ ਸੰਵਾਦ ਦੀ ਸ਼ੁਰੂਆਤ ਹੀ ਇਹ ਕਹਿੰਦਿਆਂ ਕੀਤੀ ਹੋਵੇ ਕਿ ਸਭ ਕੁੱਝ ਠੀਕ ਹੈ? ਬਹਤਾ ਉਚੇਚ ਨਾ ਕਰੋ। ਇਸ ਵਕਤ ਮੌਕਾ ਹੈ ਕਿਸੇ ਸੱਚਮੁੱਚ ਦੇ ਅਰਥਭਰਪੂਰ ਰਿਸ਼ਤੇ ਨੂੰ ਹੋਰ ਪੀਡਾ ਕਰਨ ਦਾ – ਪਰ ਉਸ ਲਈ ਸਾਫ਼ਗੋਈ ਦਰਕਾਰ ਹੈ।

ਬਹਿਸ ਸ਼ੁਰੂ ਕਰਨੀ ਕੋਈ ਮੁਸ਼ਕਿਲ ਨਹੀਂ। ਦਰਅਸਲ, ਇਹ ਬਹੁਤ ਹੀ ਜ਼ਿਆਦਾ ਆਸਾਨ ਹੈ। ਫ਼ਿਰ ਇਹ ਕੋਈ ਹੈਰਾਨੀ ਵਾਲੀ ਗੱਲ ਤਾਂ ਨਹੀਂ ਨਾ ਕਿ ਅਸਹਿਮਤੀਆਂ ਸਾਡੇ ਸੰਸਾਰ ‘ਚ ਇੰਨੀਆਂ ਪ੍ਰਚਲਿਤ ਕਿਉਂ ਹਨ? ਕਦੇ ਕਦਾਈਂ ਇੱਕ-ਦੁੱਕਾ ਵਿਵਾਦ ਕੋਈ ਮਾੜੀ ਸ਼ੈਅ ਨਹੀਂ। ਕਿਸੇ ਵੱਡੇ ਵਿਵਾਦ ‘ਚ ਵੀ ਕੁੱਝ ਚੰਗਾ ਹੋ ਸਕਦੈ। ਅਸੀਂ ਇਸ ਕਲਪਨਾ ‘ਚ ਵੀ ਜੀਅ ਸਕਦੇ ਹਾਂ ਕਿ ਜੇਕਰ ਲੋਕ ਇੱਕ ਦੂਸਰੇ ਪ੍ਰਤੀ ਘੱਟ ਝਗੜਾਲੂ ਵਤੀਰਾ ਰੱਖਦੇ ਤਾਂ ਇਹ ਸੰਸਾਰ ਕਿੰਨਾ ਜ਼ਿਆਦਾ ਰਹਿਣਯੋਗ ਬਣ ਜਾਂਦਾ। ਪਰ ਫ਼ਿਰ ਕੀ ਅਸੀਂ ਉਹ ਸਾਰਾ ਡਰਾਮਾ ਖੁੰਝ ਨਾ ਜਾਂਦੇ ਜਿਹੜਾ ਇਸ ਸੰਸਾਰ ਨੂੰ ਚਲਦਾ ਰੱਖਦੈ? ਤੁਸੀਂ ਆਪਣੇ ਜੀਵਨ ‘ਚ, ਹਾਲ ਹੀ ਵਿੱਚ, ਲੋੜੋਂ ਵੱਧ ਨਾਟਕ ਦੇਖ ਚੁੱਕੇ ਹੋ, ਕਿ ਨਹੀਂ? ਛੇਤੀ ਹੀ ਤੁਹਾਨੂੰ ਉਸ ਸਭ ਨੂੰ ਹੱਲ ਕਰਨ ਦਾ ਮੌਕਾ ਮਿਲੇਗਾ। ਬੱਸ ਉਸ ਨੂੰ ਨਾ ਖੁੰਝਾਇਓ!

ਸਮੱਸਿਆ ਤੋਂ ਬਚਣ ਦਾ ਬਿਹਤਰੀਨ ਤਰੀਕਾ ਹੈ ਸਭ ਕੁੱਝ ਸਰਲ ਰੱਖਣਾ, ਅਤੇ ਅਸੀਂ ਸਾਰੇ ਇਸ ਗੱਲ ਨਾਲ ਸਹਿਮਤ ਵੀ ਹਾਂ। ਪਰ ਅਫ਼ਸੋਸ, ਅਸੀਂ ਹਮੇਸ਼ਾ ਇਸ ‘ਤੇ ਸਹਿਮਤ ਨਹੀਂ ਹੁੰਦੇ ਕਿ ਇਹ ਕੀਤਾ ਕਿਵੇਂ ਜਾਵੇ – ਅਤੇ ਕਈ ਵਾਰ, ਚੀਜ਼ਾਂ ਨੂੰ ਸਾਦਾ ਰੱਖਣ ਲਈ ਅਸੀਂ ਬੇਹੱਦ ਪੇਚੀਦੇ ਢੰਗ ਅਪਨਾ ਲੈਂਦੇ ਹਾਂ! ਜਾਂ ਅਸੀਂ ਆਪਣੇ ਨਿਸ਼ਕਪਟ ਖ਼ਿਆਲਾਂ ਅਤੇ ਦੂਸਰਿਆਂ ਦੇ ਸਿੱਧੇ-ਸਾਦੇ ਸਪੱਸ਼ਟ ਵਿਚਾਰਾਂ ਵਿਚਕਾਰਲੇ ਫ਼ਾਸਲੇ ਅਤੇ ਫ਼ਰਕ ਨੂੰ ਦੇਖਦੇ ਹਾਂ ਅਤੇ ਇੱਕ ਬੇਹੱਦ ਮੁਸ਼ਕਿਲ, ਚੱਕਰਦਾਰ ਪੁਲ ਉਸਾਰਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਤੁਸੀਂ ਅਸਹਿਮਤ ਹੋਣ ਲਈ ਸਹਿਮਤ ਹੋ ਸਕਦੇ ਹੋ, ਅਤੇ ਇਹ ਸਰਲ ਅਤੇ ਸਫ਼ਲ ਵੀ ਹੋ ਸਕਦੈ!

ਸਾਡੇ ‘ਚੋਂ ਕੁੱਝ ਪੇਚੀਦਗੀਆਂ ਸਿਰਜਣੀਆਂ ਪਸੰਦ ਕਰਦੇ ਹਨ। ਕਈ ਵਾਰ ਤਾਂ ਸੱਚਮੁੱਚ ਸਾਨੂੰ ਆਪਣੇ ਆਪ ਨੂੰ ਇਹ ਪੁੱਛਣਾ ਪੈਂਦੈ ਕਿ ਉਹ ਇੰਨਾ ਉਚੇਚ ਕਿਸ ਗੱਲੋਂ ਕਰਦੇ ਹਨ? ਕੀ ਪਹਿਲਾਂ ਹੀ ਸਾਡੇ ਸੰਸਾਰ ਵਿੱਚ ਜਟਿਲਤਾ ਦੀ ਭਰਮਾਰ ਨਹੀਂ? ਜੇ ਹੈ ਤਾਂ ਇਸ ਦਾ ਕਾਰਨ ਵੀ ਕੇਵਲ ਇਹ ਹੈ ਕਿ ਉਨ੍ਹਾਂ ਨੂੰ ਦੂਸਰੇ ਲੋਕਾਂ ਵਲੋਂ ਸਿਰਜਿਆ ਗਿਐ। ਜਿਓਂ ਹੀ ਇੱਕ ਵਿਅਕਤੀ ਜ਼ਿੰਦਗੀ ਨੂੰ ਔਖਾ ਬਣਾਉਣ ਦੀ ਕੋਸ਼ਿਸ਼ ‘ਚ ਜੁੱਟ ਜਾਂਦੈ, ਕੋਈ ਹੋਰ ਉਸ ਦਾ ਸਾਥ ਦੇਣ ਲਈ ਉਸ ਨਾਲ ਸ਼ਾਮਿਲ ਹੋ ਜਾਂਦਾ ਹੈ। ਜਾਂ ਘੱਟੋਘੱਟ ਅਜਿਹਾ ਜਾਪਦੈ। ਤੁਹਾਡੇ ਜੀਵਨ ਨੂੰ, ਵੈਸੇ, ਕਿੰਨਾ ਕੁ ਮੁਸ਼ਕਿਲ ਹੋਣ ਦੀ ਲੋੜ ਹੈ? ਇੰਝ ਲੱਗਦੈ ਜਿਵੇਂ ਤੁਹਾਡੇ ਆਲੇ-ਦੁਆਲੇ ਰੇਤਾ ਦਾ ਇੱਕ ਵਿਸ਼ਾਲ ਦਲਦਲ ਪਸਰਿਆ ਪਿਐ। ਜੇਕਰ ਤੁਸੀਂ ਉਸ ਦੇ ਦੁਆਲਿਓਂ, ਕਿਨਾਰਿਆਂ ‘ਤੇ ਪਬ ਰੱਖ ਕੇ, ਪੋਲੇ ਪੈਰੀਂ ਨਿਕਲ ਸਕੋ ਤਾਂ ਤੁਸੀਂ ਉਸ ‘ਚ ਖੁਭਣੋਂ ਬੱਚ ਸਕਦੇ ਹੋ।

ਕਿਸੇ ਉੱਚੀ ਇਮਾਰਤ ਦੇ ਉੱਪਰ ਖੜ੍ਹੇ ਹੋ ਕੇ, ਹੇਠਾਂ ਦੇਖਦਿਆਂ, ਤੁਸੀਂ ਉਹ ਸਭ ਕੁੱਝ ਦੇਖ ਸਕਦੇ ਹੋ ਜਿਹੜਾ ਤੁਹਾਨੂੰ ਜ਼ਮੀਨ ‘ਤੇ ਖੜ੍ਹੇ ਹੋ ਕੇ ਸ਼ਾਇਦ ਨਾ ਦਿਖਾਈ ਦੇਵੇ। ਤੁਸੀਂ ਇਹ ਦੇਖ ਸਕਦੇ ਹੋ ਕਿ ਕਿਹੜੀ ਸੜਕ ਕਿੱਧਰ ਨੂੰ ਜਾ ਰਹੀ ਹੈ, ਤੁਸੀਂ ਇਹ ਵੀ ਦੇਖ ਸਕਦੇ ਹੋ ਕਿਹੜੀ ਝਾੜੀ ਜਾਂ ਦੀਵਾਰ ਪਿੱਛੇ ਕੀ ਛੁੱਪਿਆ ਹੋਇਐ। ਤੁਸੀਂ ਰੂਟ ਦਾ ਨਕਸ਼ਾ ਤਿਆਰ ਕਰ ਸਕਦੇ ਹੋ, ਯਾਤਰਾ ਦੀ ਯੋਜਨਾ ਬਣਾ ਸਕਦੇ ਹੋ ਅਤੇ ਅੱਗੇ ਵਧਣ ਦੇ ਬਿਹਤਰੀਨ ਢੰਗਾਂ ਦਾ ਜਾਇਜ਼ਾ ਲੈ ਸਕਦੇ ਹੋ। ਇਹ ਸਾਰੀ ਸਮਝ ਓਦੋਂ ਭਾਫ਼ ਬਣ ਕੇ ਉਡ ਜਾਂਦੀ ਹੈ ਜਦੋਂ ਤੁਸੀਂ ਰੋਜ਼ਮੱਰਾ ਦੀਆਂ ਅਤੇ ਜ਼ਮੀਨੀ ਚੁਣੌਤੀਆਂ ਨਾਲ ਨਜਿੱਠ ਰਹੇ ਹੁੰਦੇ ਹੋ। ਜਦੋਂ ਤੁਹਾਨੂੰ ਆਖ਼ਰੀ ਵਾਰ ਇੰਝ ਮਹਿਸੂਸ ਹੋਇਆ ਸੀ ਕਿ ਜਿਵੇਂ ਤੁਹਾਨੂੰ ਚੁੱਕ ਕੇ ਕਿਸੇ ਉੱਚੇ ਸਥਾਨ ‘ਤੇ ਬਿਠਾ ਦਿੱਤਾ ਗਿਆ ਹੈ ਤਾਂ ਤੁਸੀਂ ਆਪਣੇ ਜੀਵਨ ਨੂੰ ਕਿਸ ਤਰ੍ਹਾਂ ਦੇਖਣਾ ਸ਼ੁਰੂ ਕਰ ਦਿੱਤਾ ਸੀ। ਹੁਣ ਵੀ ਉਸੇ ਤਰ੍ਹਾਂ ਹੀ ਕਰੋ।