ਪੰਜਾਬੀ ਗਾਇਕ ਬੱਬੂ ਮਾਨ 46 ਸਾਲਾਂ ਦੇ ਹੋ ਗਏ ਹਨ। ਬੱਬੂ ਮਾਨ ਦਾ ਜਨਮ 29 ਮਾਰਚ 1975 ਨੂੰ ਖੰਟ ਮਾਨਪੁਰ, ਪੰਜਾਬ ਵਿੱਚ ਹੋਇਆ। ਬੱਬੂ ਮਾਨ ਦਾ ਅਸਲੀ ਨਾਂ ਤਜਿੰਦਰ ਸਿੰਘ ਮਾਨ ਹੈ। ਸੂਝ-ਬੂਝ ਵਾਲੇ ਬੱਬੂ ਮਾਨ ਦੀ ਪੰਜਾਬੀ ਸੰਗੀਤ ਅਤੇ ਫ਼ਿਲਮ ਜਗਤ ‘ਚ ਵੱਖਰੀ ਹੀ ਟੌਹਰ ਹੈ। ਬੱਬੂ ਮਾਨ ਆਪਣੀ ਗਾਇਕੀ, ਲਿਖਤ ਅਤੇ ਅਦਾਕਾਰੀ ਦੇ ਨਾਲ-ਨਾਲ ਬੇਬਾਕੀ ਭਰੇ ਅੰਦਾਜ ਕਰ ਕੇ ਵੀ ਜਾਣੇ ਜਾਂਦੇ ਹਨ।
ਬੱਬੂ ਮਾਨ ਦੇ ਕੱਟੜ ਫ਼ੈਨਜ ਵੀ ਵੱਡੀ ਗਿਣਤੀ ‘ਚ ਹਨ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਬੱਬੂ ਮਾਨ ਨੂੰ ਨਿਆਣਿਆਂ ਤੋਂ ਲੈ ਕੇ ਸਿਆਣਿਆਂ ਤਕ ਹਰ ਵਰਗ ਵਲੋਂ ਸੁਣਿਆ ਜਾਂਦਾ ਹੈ। ਬੱਬੂ ਮਾਨ ਕਿਸਾਨਾਂ, ਮਜ਼ਦੂਰਾਂ, ਸਮਾਜਿਕ ਮੁੱਦਿਆਂ ਆਦਿ ‘ਤੇ ਅਕਸਰ ਗੀਤ ਗਾਉਂਦੇ ਰਹਿੰਦੇ ਹਨ। ਇਹੀ ਨਹੀਂ ਦੁਨੀਆਂ ਭਰ ‘ਚ ਚੱਲ ਰਹੇ ਮਸਲਿਆਂ ਨੂੰ ਵੀ ਬੱਬੂ ਮਾਨ ਆਪਣੀ ਕਲਮ ਨਾਲ ਗੀਤ ‘ਚ ਇੰਝ ਪਿਰੋ ਲੈਂਦੇ ਹਨ ਕਿ ਹਰ ਕੋਈ ਸੋਚਣ ‘ਤੇ ਮਜਬੂਰ ਹੋ ਜਾਂਦਾ ਹੈ।
ਬੱਬੂ ਮਾਨ 1997-98 ਤੋਂ ਪੰਜਾਬੀ ਸੰਗੀਤ ਜਗਤ ‘ਚ ਸਰਗਰਮ ਹਨ। ਬੱਬੂ ਮਾਨ ਨੇ ਸ਼ੁਰੂਆਤੀ ਸਾਲਾਂ ‘ਚ ਸੱਜਣ ਰੁਮਾਲ ਦੇ ਗਿਆ, ਤੂੰ ਮੇਰੀ ਮਿਸ ਇੰਡੀਆ ਅਤੇ ਸਾਉਣ ਦੀ ਝੜੀ ਵਰਗੇ ਸ਼ਾਨਦਾਰ ਗੀਤ ਦਿੱਤੇ। ਇਸ ਤੋਂ ਬਾਅਦ ਬੱਬੂ ਮਾਨ ਦੀ ਫ਼ੈਨ ਫ਼ੌਲੋਇੰਗ ਵੀ ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ ‘ਚ ਬਣਦੀ ਗਈ। ਬੱਬੂ ਮਾਨ ਦੇ ਗੀਤ ਬੱਚੇ-ਬੱਚੇ ਦੀ ਜ਼ੁਬਾਨ ‘ਤੇ ਹਨ ਅਤੇ ਅਕਸਰ ਗੱਡੀਆਂ ਅਤੇ ਮੋਟਰਸਾਈਕਲਾਂ ‘ਤੇ ਬੱਬੂ ਮਾਨ ਦੇ ਪੋਸਟਰ ਲੱਗੇ ਵੀ ਦੇਖੇ ਜਾਂਦੇ ਰਹਿੰਦੇ ਹਨ।
ਗੀਤਾਂ ਤੋਂ ਇਲਾਵਾ ਬੱਬੂ ਮਾਨ ਫ਼ਿਲਮਾਂ ‘ਚ ਵੀ ਸਰਗਰਮ ਰਹਿੰਦੇ ਹਨ। ਬੱਬੂ ਮਾਨ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਹਵਾਏਂ ਫ਼ਿਲਮ ਨਾਲ ਕੀਤੀ ਸੀ। ਹਵਾਏਂ, ਰੱਬ ਨੇ ਬਣਾਈਆਂ ਜੋੜੀਆਂ, ਹਸ਼ਰ, ਏਕਮ ਅਤੇ ਬਾਜ ਬੱਬੂ ਮਾਨ ਦੀਆਂ ਕੁੱਝ ਚਰਚਿਤ ਫ਼ਿਲਮਾਂ ਹਨ।
ਬੱਬੂ ਮਾਨ ਕਿਸਾਨੀ ਨੂੰ ਕਿੰਨਾ ਪਿਆਰ ਕਰਦੇ ਹਨ ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਰ ਦਿੱਤੇ ਹਨ। ਬੱਬੂ ਮਾਨ ਦੇ ਸੋਸ਼ਲ ਮੀਡੀਆ ਐਕਾਊਂਟਸ ‘ਤੇ ਕਿਸਾਨ ਅੰਦੋਲਨ ਸਬੰਧੀ ਰੋਜ਼ਾਨਾ ਪੋਸਟਾਂ ਦੇਖਣ ਨੂੰ ਮਿਲਦੀਆਂ ਹਨ। ਉਥੇ ਕਿਸਾਨ ਅੰਦੋਲਨ ‘ਚ ਸ਼ਮੂਲੀਅਤ ਕਰ ਕੇ ਵੀ ਬੱਬੂ ਮਾਨ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਹਨ।
ਬੱਬੂ ਮਾਨ ਆਮ ਲੋਕਾਂ ਦੇ ਨਾਲ-ਨਾਲ ਬਹੁਤ ਸਾਰੇ ਕਲਾਕਾਰਾਂ ਦੇ ਵੀ ਮਨਪਸੰਦ ਗਾਇਕ ਹਨ। ਕੁੱਝ ਨਵੇਂ ਗਾਇਕ ਬੱਬੂ ਮਾਨ ਨੂੰ ਉਸਤਾਦ ਕਹਿ ਕੇ ਬੁਲਾਉਂਦੇ ਹਨ।