ਪੁਣੇ – ਸੱਟ ਤੋਂ ਉੱਭਰਨ ਤੋਂ ਬਾਅਦ ਵਾਪਸੀ ਕਰਨ ਵਾਲੇ ਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਕਿਹਾ ਹੈ ਕਿ ਟੈੱਸਟ ਕ੍ਰਿਕਟ ਹੁਣ ਵੀ ਉਸ ਦੀ ਪਹਿਲ ਹੈ ਅਤੇ ਉਹ ਇੰਡੀਅਨ ਪ੍ਰੀਮੀਅਰ ਲੀਗ ‘ਚ ਆਪਣੇ ਕਾਰਜਭਾਰ ਪ੍ਰਬੰਧਨ ਵੱਲ ਆਪਣਾ ਧਿਆਨ ਲਾਏਗਾ। ਉਸ ਦੀਆਂ ਨਜ਼ਰਾਂ ਇਸ ਸਾਲ ਇੰਗਲੈਂਡ ਖ਼ਿਲਾਫ਼ ਉਸ ਦੀ ਸਰਜਮੀਂ ‘ਤੇ ਹੋਣ ਵਾਲੀ ਟੈੱਸਟ ਸੀਰੀਜ਼ ‘ਤੇ ਟਿਕੀਆਂ ਹਨ। ਭੁਵਨੇਸ਼ਵਰ ਨੂੰ ਪਿਛਲੇ ਦੋ ਸਾਲਾਂ ਦੌਰਾਨ ਸੱਟਾਂ ਨਾਲ ਜੂਝਣਾ ਪਿਆ ਹੈ।
ਉਸ ਨੇ ਇੰਗਲੈਂਡ ਖ਼ਿਲਾਫ਼ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ‘ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਛੇ ਵਿਕਟਾਂ ਲਈਆਂ। ਭੁਵਨੇਸ਼ਵਰ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਹ ਟੈੱਸਟ ਕ੍ਰਿਕਟ ‘ਚ ਵਾਪਸੀ ਬਾਰੇ ਕੀ ਸੋਚ ਰਿਹਾ ਹੈ ਤਾਂ ਉਸ ਨੇ ਕਿਹਾ ਕਿ ਯਕੀਨੀ ਤੌਰ ‘ਤੇ ਟੈੱਸਟ ਕ੍ਰਿਕਟ ‘ਚ ਵਾਪਸੀ ਉਸ ਦਾ ਟੀਚਾ ਹੈ। ”ਮੈਂ ਲਾਲ ਗੇਂਦ ਦੀ ਕ੍ਰਿਕਟ ਨੂੰ ਧਿਆਨ ‘ਚ ਰੱਖ ਕੇ ਤਿਆਰੀ ਕਰਾਂਗਾ। ਹਾਲਾਂਕਿ ਟੈੱਸਟ ਮੈਚਾਂ ਲਈ ਕਿਸ ਤਰ੍ਹਾਂ ਚੋਣ ਕੀਤੀ ਜਾਂਦੀ ਹੈ, ਇਹ ਵੱਖਰਾ ਵਿਸ਼ਾ ਹੈ।”
ਇੰਗਲੈਂਡ ਖ਼ਿਲਾਫ਼ ਸੀਰੀਜ਼ ਜਿੱਤਣ ਤੋਂ ਬਾਅਦ ਇੱਕ ਵਰਚੂਅਲ ਪੱਤਰਕਾਰ ਸੰਮੇਲਨ ‘ਚ ਗੱਲਬਾਤ ਕਰਦਿਆਂ ਭੁਵਨੇਸ਼ਵਰ ਨੇ ਕਿਹਾ, ”IPL ਦੌਰਾਨ ਕਾਰਜਭਾਰ ਪ੍ਰਬੰਧ ਅਤੇ ਮੇਰਾ ਅਭਿਆਸ ਟੈੱਸਟ ਕ੍ਰਿਕਟ ਨੂੰ ਧਿਆਨ ‘ਚ ਰੱਖ ਕੇ ਹੋਵੇਗਾ ਕਿਉਂਕਿ ਮੈਂ ਜਾਣਦਾ ਹਾਂ ਕਿ ਅੱਗੇ ਕਾਫ਼ੀ ਜ਼ਿਆਦਾ ਟੈੱਸਟ ਕ੍ਰਿਕਟ ਖੇਡਿਆ ਜਾਣਾ ਹੈ ਅਤੇ ਮੇਰੀ ਪਹਿਲ ਹੁਣ ਵੀ ਟੈੱਸਟ ਕ੍ਰਿਕਟ ਹੀ ਹੈ। ਮੈਂ ਟੈੱਸਟ ਸੀਰੀਜ਼ ਦੀ ਤਿਆਰੀ ‘ਚ ਕੋਈ ਕਸਰ ਬਾਕੀ ਨਹੀਂ ਛੱਡਾਂਗਾ। ਮੈਂ ਲੰਬੀਆਂ ਯੋਜਨਾਵਾਂ ਬਣਾਉਣੀਆਂ ਛੱਡ ਦਿੱਤੀਆਂ ਹਨ ਕਿਉਂਕਿ ਪਿੱਛੇ ਜਿਹੇ ਕਈ ਚੀਜ਼ਾਂ ਮੇਰੇ ਅਨੁਕੂਲ ਨਹੀਂ ਰਹੀਆਂ। ਭਾਵੇਂ ਹੀ ਸੱਟਾਂ ਕਾਰਨ ਅਜਿਹਾ ਹੋ ਰਿਹਾ ਹੈ ਨਾ ਕਿ ਮੇਰੀ ਫ਼ੌਰਮ ਕਾਰਨ। ਇੰਗਲੈਂਡ ਦੌਰੇ ‘ਤੇ ਕਾਫ਼ੀ ਕ੍ਰਿਕਟ ਖੇਡੀ ਜਾਣੀ ਹੈ, ਇਸ ਲਈ ਮੈਂ ਆਪਣੇ ਆਪ ਨੂੰ ਫ਼ਿੱਟ ਰੱਖਣਾ ਚਾਹਾਂਗਾ।”