ਕੋਲੰਬੋ – ਸ਼੍ਰੀ ਲੰਕਾ ਦੇ ਆਲਰਾਊਂਡਰ ਥਿਸਾਰਾ ਪਰੇਰਾ ਨੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਕੋਲੰਬੋ ਦੇ ਇੱਕ ਘਰੇਲੂ ਟੂਰਨਾਮੈਂਟ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੇ ਪੇਸ਼ੇਵਰ ਕ੍ਰਿਕਟ ‘ਚ ਇੱਕ ਓਵਰ ‘ਚ ਛੇ ਛੱਕੇ ਜੜ ਦਿੱਤੇ। ਉਹ ਅਜਿਹਾ ਕਰਨ ਵਾਲੇ ਦੇਸ਼ ਦਾ ਪਹਿਲਾ ਖਿਡਾਰੀ ਬਣ ਗਿਆ ਹੈ। ਉਸ ਨੇ ਇਹ ਉਪਲਬਧੀ ਐਤਵਾਰ ਨੂੰ ਪਨਗੋਡਾ ‘ਚ ਫ਼ੌਜੀ ਮੈਦਾਨ ‘ਚ ਚਲ ਰਹੇ ਮੇਜਰ ਕਲੱਬਜ਼ ਲਿਮਟਿਡ ਲਿਸਟ ਏ ਟੂਰਨਾਮੈਂਟ ‘ਚ ਹਾਸਿਲ ਕੀਤੀ। ਉਹ ਬਲੂਮਫ਼ੀਲਡ ਕ੍ਰਿਕਟ ਅਤੇ ਐਥਲੈਟਿਕ ਕਲੱਬ ਦੇ ਵਿਰੁੱਧ ਮੈਚ ‘ਚ ਸ਼੍ਰੀ ਲੰਕਾਈ ਆਰਮੀ ਦੀ ਕਪਤਾਨੀ ਕਰ ਰਿਹਾ ਸੀ।
ਉਸ ਨੇ 13 ਗੇਂਦ ‘ਚ ਅਜੇਤੂ 52 ਦੌੜਾਂ ਬਣਾਈਆਂ। ਉਸ ਦੀ ਪਾਰੀ ‘ਚ ਅੱਠ ਛੱਕੇ ਸ਼ਾਮਿਲ ਸਨ ਅਤੇ ਇਹ ਪਾਰੀ ਕਿਸੇ ਸ਼੍ਰੀ ਲੰਕਾਈ ਦਾ ਲਿਸਟ A ‘ਚ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਵੀ ਹੈ। ਸਾਬਕਾ ਸ਼੍ਰੀ ਲੰਕਾਈ ਆਲਰਾਊਂਡਰ ਕੌਸ਼ਲਿਆ ਵੀਰਰਤਨੇ ਨੇ 2005 ‘ਚ 12 ਗੇਂਦ ‘ਚ ਅਰਧ ਸੈਂਕੜਾ ਜੜਿਆ ਸੀ। ਪਰੇਰਾ ਇਸ ਤਰ੍ਹਾਂ ਪੇਸ਼ੇਵਰ ਕ੍ਰਿਕਟ ‘ਚ ਇਹ ਉਪਲਬਧੀ ਆਪਣੇ ਨਾਂ ਕਰਨ ਵਾਲੇ ਨੌਵੇਂ ਕ੍ਰਿਕਟਰ ਬਣ ਗਏ।
ਉਸ ਤੋਂ ਪਹਿਲਾਂ ਸਰ ਗੈਰਫ਼ੀਲਡ ਸੋਬਰਜ਼, ਹਰਸ਼ਲ ਗਿਬਸ, ਯੁਵਰਾਜ ਸਿੰਘ, ਰਾਸ ਵਾਈਟਲੇ, ਹਜ਼ਰਤੁੱਲ੍ਹਾ ਜਜ਼ਈ, ਲਿਓ ਕਾਰਟਰ ਅਤੇ ਹਾਲ ਹੀ ‘ਚ ਕੀਰੋਨ ਪੋਲਾਰਡ ਅਜਿਹਾ ਕਰ ਚੁੱਕੇ ਹਨ। ਪਰੇਰਾ ਨੇ ਸ਼੍ਰੀ ਲੰਕਾ ਲਈ 6 ਟੈੱਸਟ, 166 ਵਨ-ਡੇ ਅਤੇ 64 T-20 ਕੌਮਾਂਤਰੀ ਮੈਚ ਖੇਡੇ ਹਨ।