ਨਵੀਂ ਦਿੱਲੀ – ਭਾਰਤੀ ਟੀਮ ਨੇ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ‘ਚ ਇੰਗਲੈਂਡ ਖ਼ਿਲਾਫ਼ ਟੈੱਸਟ ਸੀਰੀਜ਼, T-20 ਸੀਰੀਜ਼ ਤੋਂ ਬਾਅਦ ਹੁਣ ਵਨ-ਡੇ ਸੀਰੀਜ਼ ‘ਤੇ ਵੀ ਕਬਜ਼ਾ ਜਮਾ ਲਿਆ ਹੈ। ਟੀਮ ਨੇ ਵਨ-ਡੇ ਸੀਰੀਜ਼ ਦੇ ਤੀਜੇ ਅਤੇ ਫ਼ੈਸਲਾਕੁੰਨ ਮੈਚ ‘ਚ ਇੰਗਲੈਂਡ ਨੂੰ ਸੱਤ ਦੌੜਾਂ ਨਾਲ ਹਰਾ ਕੇ ਕਰੀਬੀ ਜਿੱਤ ਦਰਜ ਕੀਤੀ। ਮੈਚ ਤੋਂ ਬਾਅਦ ਕੋਹਲੀ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਕਾਫ਼ੀ ਖ਼ੁਸ਼ ਨਜ਼ਰ ਆਇਆ। ਉਸ ਨੇ ਤੇਜ਼ ਗੇਂਦਬਾਜ਼ ਸ਼ਾਰੁਦਲ ਠਾਕੁਰ ਅਤੇ ਭੁਵਨੇਸ਼ਵਰ ਕੁਮਾਰ ਦੀ ਰੱਜ ਕੇ ਸ਼ਲਾਘਾ ਕੀਤੀ ਜਿਨ੍ਹਾਂ ਦੇ ਦਮ ‘ਤੇ ਟੀਮ ਨੇ ਚੋਟੀ ਦੀ ਟੀਮ ਇੰਗਲੈਂਡ ਨੂੰ ਹਰਾਉਣ ‘ਚ ਸਫ਼ਲਤਾ ਪ੍ਰਾਪਤ ਕੀਤੀ। ਸੀਰੀਜ਼ ਖ਼ਤਮ ਹੋਣ ਦੇ ਬਾਅਦ ਕਪਤਾਨ ਕੋਹਲੀ ਨੇ ਹੋਲੀ ਦੇ ਮੌਕੇ ‘ਤੇ ਟਵਿਟਰ ‘ਤੇ ਵੀਡੀਓ ਪੋਸਟ ਕੀਤਾ ਹੈ ਜਿਸ ‘ਚ ਉਹ ਰਨਿੰਗ ਕਰਦਾ ਨਜ਼ਰ ਆ ਰਿਹਾ ਹੈ।
ਇਸ ਵੀਡੀਓ ਨੂੰ ਟਵਿਟਰ ‘ਤੇ ਸ਼ੇਅਰ ਕਰਦੇ ਹੋਏ ਵਿਰਾਟ ਨੇ ਕੈਪਸ਼ਨ ‘ਚ ਲਿਖਿਆ, ”ਆਰਾਮ ਦਾ ਕੋਈ ਦਿਨ ਨਹੀਂ। ਹੁਣ ਇੱਥੇ ਸਪੀਡ ਦੀ ਗੱਲ ਹੈ।” ਉਸ ਨੇ ਵੀਡੀਓ ਦੇ ਨਾਲ IPL ਦੇ ਹੈਸ਼ਟੈਗ ਦਾ ਵੀ ਇਸਤੇਮਾਲ ਕੀਤਾ ਹੈ। ਵਿਰਾਟ ਲਈ ਇੰਗਲੈਂਡ ਖ਼ਿਲਾਫ਼ T-20 ਸੀਰੀਜ਼ ਕਾਫ਼ੀ ਸਫ਼ਲ ਰਹੀ ਜਿਸ ਵਿੱਚ ਉਸ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਂਦੇ ਹੋਏ ਮੈਨ ਔਫ਼ ਦਾ ਸੀਰੀਜ਼ ਦਾ ਖ਼ਿਤਾਬ ਹਾਸਿਲ ਕੀਤਾ। ਦੂਜੇ ਪਾਸੇ ਗੱਲ ਕਰੀਏ ਉਨ੍ਹਾਂ ਦੀ ਵਨ-ਡੇ ਸੀਰੀਜ਼ ਦੀ ਤਾਂ ਇਹ ਉਸ ਲਈ ਰਲੀ-ਮਿਲੀ ਰਹੀ। ਉਸ ਨੇ ਤਿੰਨ ਮੈਚਾਂ ਦੀ ਸੀਰੀਜ਼ ‘ਚ 129 ਦੌੜਾਂ ਬਣਾਈਆਂ। ਉਹ ਇਸ ਸੀਰੀਜ਼ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ‘ਚ ਛੇਵੇਂ ਸਥਾਨ ‘ਤੇ ਰਿਹਾ।