ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਯ ਬਾਈਡੇਨ ਨੇ ਅੰਤਰਰਾਸ਼ਟਰੀ ਅਪਰਾਧ ਅਦਾਲਤ (ਆਈ. ਸੀ. ਸੀ.) ਦੇ ਦੋ ਅਧਿਕਾਰੀਆਂ ’ਤੇ ਡੋਨਾਲਡ ਟਰੰਪ ਪ੍ਰਸ਼ਾਸਨ ਵਲੋਂ ਲਾਈਆਂ ਗਈਆਂ ਪਾਬੰਦੀਆਂ ਨੂੰ ਸ਼ੁੱਕਰਵਾਰ ਹਟਾ ਲਿਆ। ਇਸ ਦੇ ਨਾਲ ਹੀ ਬਾਈਡੇਨ ਨੇ ਅੰਤਰਰਾਸ਼ਟਰੀ ਸੰਸਥਾਵਾਂ ਅਤੇ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਸਾਬਕਾ ਪ੍ਰਸ਼ਾਸਨ ਦੇ ਸਭ ਤੋਂ ਸਖਤ ਫੈਸਲਿਆਂ ’ਚੋਂ ਇਕ ਨੂੰ ਪਲਟ ਦਿੱਤਾ ਹੈ।
ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਨੇ ਇਕ ਬਿਆਨ ’ਚ ਦੱਸਿਆ ਕਿ ਅਮਰੀਕਾ, ਅਦਾਲਤ ਦੀਆਂ ਕੁਝ ਕਾਰਵਾਈਆਂ ਨਾਲ ਅਜੇ ਵੀ ਪੂਰੀ ਤਰ੍ਹਾਂ ਅਸਹਿਮਤ ਹੈ। ਨੀਦਰਲੈਂਡਸ ਦੇ ਦਿ ਹੇਗ ਸਥਿਤ ਇਸ ਸਥਾਈ ਬਾਡੀ ’ਤੇ ਨਰਸੰਹਾਰ, ਮਾਨਵਤਾ ਖਿਲਾਫ ਅਪਰਾਧ ਅਤੇ ਯੁੱਧ ਵਰਗੇ ਅਪਰਾਧਾਂ ਦੇ ਮਾਮਲੇ ਦੇਖਣ ਦੀ ਜ਼ਿੰਮੇਵਾਰੀ ਹੈ। ਅਮਰੀਕਾ ਅਦਾਲਤ ਦੇ ਤਕਰੀਬਨ 120 ਮੈਂਬਰ ਦੇਸ਼ਾਂ ’ਚ ਸ਼ਾਮਲ ਨਹੀਂ ਹੈ। ਉਸ ਨੇ ਕਿਹਾ, ਹਾਲਾਂਕਿ ਸਾਡਾ ਮੰਨਣਾ ਹੈ ਕਿ ਇਨ੍ਹਾਂ ਮਾਮਲਿਆਂ ਪ੍ਰਤੀ ਸਾਡੀ ਚਿੰਤਾ ’ਤੇ ਕੂਟਨੀਤੀ ਰਾਹੀਂ ਵਿਚਾਰ ਕੀਤਾ ਜਾਵੇਗਾ, ਨਾ ਕਿ ਪਾਬੰਦੀਆਂ ਲਾ ਕੇ।ਪਾਬੰਦੀਆਂ ਨੂੰ ਹਟਾਉਣਾ ਇਸ ਗੱਲ ਦਾ ਸੰਕੇਤ ਹੈ ਕਿ ਬਾਈਡੇਨ ਪ੍ਰਸ਼ਾਸਨ ਬਹੁਪੱਖੀ ਸੰਸਥਾਵਾਂ ’ਚ ਵਾਪਸ ਜਾਣ ਦਾ ਇੱਛੁਕ ਹੈ।
ਟਰੰਪ ਪ੍ਰਸ਼ਾਸਨ ਨੇ ਅਮਰੀਕਾ ਨੂੰ ਕਈ ਅੰਤਰਰਾਸ਼ਟਰੀ ਸੰਸਥਾਵਾਂ ਅਤੇ ਸਮਝੌਤਿਆਂ ਤੋਂ ਹਟਾ ਲਿਆ ਸੀ ਅਤੇ ਆਈ. ਸੀ. ਸੀ. ਸਮੇਤ ਕਈ ਹੋਰਨਾਂ ਦੀ ਸਖਤ ਆਲੋਚਨਾ ਕੀਤੀ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਇਨ੍ਹਾਂ ਸੰਸਥਾਵਾਂ ’ਚ ਬਹੁਤ ਕਮੀਆਂ ਹਨ ਅਤੇ ਇਹ ਅਮਰੀਕੀ ਹਿੱਤਾਂ ਦੇ ਖਿਲਾਫ ਕੰਮ ਕਰ ਰਹੀਆਂ ਹਨ। ਅਦਾਲਤ ’ਚ ਮੈਂਬਰ ਰਾਸ਼ਟਰਾਂ ਦੇ ਪ੍ਰਬੰਧਨ ਬਾਡੀ ਦੀ ਪ੍ਰਧਾਨ ਸਿਲਵੀਆ ਫਰਨਾਂਡੀਜ਼ ਡੇ ਗੁਰਮੇਂਡੀ ਨੇ ਕਿਹਾ ਕਿ ਅਮਰੀਕਾ ਵਲੋਂ ਪਾਬੰਦੀਆਂ ਹਟਾਉਣਾ ‘‘ਵਿਧੀ ਆਧਾਰਿਤ ਅੰਤਰਰਾਸ਼ਟਰੀ ਵਿਵਸਥਾ’’ ਨੂੰ ਅੱਗੇ ਵਧਾਉਣ ’ਚ ਮਦਦ ਕਰੇਗਾ।