ਨਾਭਾ : ਗ੍ਰਹਿ ਮੰਤਰਾਲੇ ਦੀ ਪੰਜਾਬ ਸਰਕਾਰ ਨੂੰ ਲਿਖੀ ਗਈ ਚਿੱਠੀ ਬਾਰੇ ਪਲਟਵਾਰ ਕਰਦਿਆਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਬਿਹਾਰ ਜਾਂ ਯੂ. ਪੀ. ਦੇ ਮਜ਼ਦੂਰਾਂ ਨੂੰ ਕਿਸਾਨਾਂ ਵਲੋਂ ਨਸ਼ੇੜੀ ਕਰਨ ਦੇ ਇਲਜ਼ਾਮ ਸਾਬਤ ਕਰਦੇ ਹਨ ਕਿ ਮੋਦੀ ਸਰਕਾਰ ਹੰਕਾਰੀ ਹੋ ਕੇ ਮਜ਼ਦੂਰਾਂ ਤੇ ਪੰਜਾਬੀ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਪਿਛਲੇ 7 ਸਾਲਾਂ ਦੌਰਾਨ ਮੋਦੀ ਸਰਕਾਰ ਨੇ ਨਾ ਤਾਂ ਬੇਰੁਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ਅਤੇ ਨਾ ਹੀ 2014 ਚੋਣਾਂ ਵਿਚ ਕੀਤੇ ਗਏ ਵਾਅਦੇ ਅਨੁਸਾਰ 15 ਲੱਖ ਰੁਪਏ ਹਰੇਕ ਪਰਿਵਾਰ ਨੂੰ ਦਿੱਤੇ। ਕਾਲਾ ਧਨ ਸਵਿਸ ਬੈਂਕਾਂ ਵਿਚੋਂ ਵਾਪਸ ਨਹੀਂ ਲਿਆਂਦਾ ਪਰ ਦੇਸ਼ ਦੇ ਅੰਨਦਾਤਾ ਨੂੰ ਬਦਨਾਮ ਤੇ ਬਰਬਾਦ ਕਰਨ ਲਈ ਸਾਜਿਸ਼ਾਂ ਰਚੀਆਂ ਗਈਆਂ ਹਨ।
ਧਰਮਸੋਤ ਨੇ ਮੰਡੀਆਂ ਵਿਚ ਕਣਕ ਦੀ ਖਰੀਦ ਬਾਰੇ ਕਿਹਾ ਕਿ ਸਾਰੀਆਂ ਅਨਾਜ ਮੰਡੀਆਂ ਵਿਚ ਚੰਗੇ ਪ੍ਰਬੰਧ ਕੀਤੇ ਗਏ ਹਨ। ਕਿਸਾਨਾਂ ਦੀ ਫ਼ਸਲ ਦਾ ਇਕ ਇਕ ਦਾਣਾ ਖਰੀਦ ਕਰਕੇ ਤੁਰੰਤ ਲਿਫਟਿੰਗ ਤੇ ਬਿੱਲਾਂ ਦੀ ਅਦਾਇਗੀ ਕੀਤੀ ਜਾਵੇਗੀ।