ਗੁਰੂਹਰਸਹਾਏ : ਜਿੱਥੇ ਬੀ.ਜੇ.ਪੀ. ਵੱਲੋਂ ਪੂਰੇ ਦੇਸ਼ ਵਿਚ ਆਪਣਾ 41ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ, ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼ਹਿਰ ਗੁਰੂਹਰਸਹਾਏ ਵਿਖੇ ਵੀ ਫਿਰੋਜ਼ਪੁਰ ਦੇ ਜਨਰਲ ਸੈਕਟਰੀ ਅਮਨਦੀਪ ਗਿਰਧਰ ਮਿੰਟੂ ਵੱਲੋਂ ਵੀ ਪਾਰਟੀ ਦੇ ਦਫਤਰ ਵਿਖੇ ਬੀ.ਜੇ.ਪੀ. ਦਾ 41ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਦੌਰਾਨ ਕਿਸਾਨਾਂ ਵੱਲੋਂ ਉਸ ਦੇ ਦਫ਼ਤਰ ਦੇ ਬਾਹਰ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ। ਮੋਦੀ ਸਰਕਾਰ ਮੁਰਦਾਬਾਦ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਕਰੋ ਰੱਦ ਕਰੋ।ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਬੀ.ਜੇ.ਪੀ. ਦੇ ਲੀਡਰ ਆਪਣੇ ਦਫ਼ਤਰ ਤੋਂ ਬੀ.ਜੇ.ਪੀ. ਪਾਰਟੀ ਦਾ ਝੰਡਾ ਨਹੀਂ ਉਤਾਰਨਗੇ ਤਾਂ ਉਦੋਂ ਤਕ ਸਾਡਾ ਸੰਘਰਸ਼ ਜਾਰੀ ਰਹੇਗਾ।
ਇਸ ਸੰਬੰਧੀ ਜਦ ਪਾਰਟੀ ਦੇ ਆਗੂ ਅਮਨਦੀਪ ਗਿਰਧਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਹਰ ਇਕ ਨਾਗਰਿਕ ਨੂੰ ਆਪਣੀ ਖ਼ੁਸ਼ੀ ਮਨਾਉਣ ਦਾ ਅਧਿਕਾਰ ਹੈ। ਇਸ ਦੌਰਾਨ ਬੀ.ਜੇ.ਪੀ. ਪਾਰਟੀ ਵੱਲੋਂ ਪੂਰੇ ਦੇਸ਼ ਵਿੱਚ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਕਰਕੇ ਉਨ੍ਹਾਂ ਦਾ ਵੀ ਅਧਿਕਾਰ ਹੈ ਕਿ ਉਹ ਆਪਣੀ ਪਾਰਟੀ ਦਾ ਸਥਾਪਨਾ ਦਿਵਸ ਮਨਾਉਣ ਪਰ ਜਦ ਇਸ ਦੌਰਾਨ ਕਿਸਾਨਾਂ ਨੂੰ ਪਤਾ ਲੱਗਾ ਤਾਂ ਕਿਸਾਨਾਂ ਨੇ ਗੋਲੂ ਕਾ ਰੋਡ ਜਾਮ ਕਰਕੇ ਉਸ ਦੇ ਦਫਤਰ ਦੇ ਕੁਝ ਦੂਰੀ ਤੇ ਧਰਨਾ ਲਗਾ ਦਿੱਤਾ ਅਤੇ ਉਨ੍ਹਾਂ ਦੇ ਖ਼ਿਲਾਫ਼ ਅਤੇ ਪਾਰਟੀ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਉਨ੍ਹਾਂ ਨੇ ਕਿਹਾ ਕਿ ਇਹ ਧਰਨਾ ਕਾਂਗਰਸ ਪਾਰਟੀ ਦੀ ਸ਼ਹਿ ਤੇ ਲੱਗਿਆ ਹੈ ਅਤੇ ਉਨ੍ਹਾਂ ਕਿਹਾ ਕਿ ਹੁਣ ਮੇਰੀ ਸੁਰੱਖਿਆ ਪੁਲਸ ਪ੍ਰਸ਼ਾਸਨ ਦੇ ਹੱਥ ਹੈ ਕਿਉਂਕਿ ਮੈਂ ਆਪਣੇ ਦਫ਼ਤਰ ਵਿੱਚ ਹੀ ਬੈਠਾ ਹੋਇਆ ਹਾਂ ਜਦ ਇਸ ਸਬੰਧੀ ਕਿਸਾਨ ਆਗੂ ਤੋਂ ਪੁੱਛਿਆ ਗਿਆ ਕਿ ਮਿੰਟੂ ਗਿਰਧਰ ਨੇ ਕਿਹਾ ਕਿ ਇਹ ਧਰਨਾ ਕਾਂਗਰਸ ਦੀ ਸ਼ਹਿ ਤੇ ਲੱਗਾ ਹੈ ਤਾਂ ਕਿਸਾਨਾਂ ਨੇ ਕਿਹਾ ਕਿ ਇਹ ਧਰਨਾ ਸਿਰਫ਼ ਕਿਸਾਨਾਂ ਨੇ ਹੀ ਲਾਇਆ ਹੈ। ਇਸ ਧਰਨੇ ਵਿੱਚ ਕਿਸੇ ਪਾਰਟੀ ਦਾ ਕੋਈ ਵੀ ਹੱਥ ਨਹੀਂ ਹੈ ਜਿੰਨਾ ਚਿਰ ਬੀ.ਜੇ.ਪੀ. ਪਾਰਟੀ ਦਾ ਝੰਡਾ ਦਫ਼ਤਰ ਉੱਤੋਂ ਨਹੀਂ ਉਤਾਰਿਆ ਜਾਂਦਾ ਉਦੋਂ ਤਕ ਸਾਡਾ ਸੰਘਰਸ਼ ਜਾਰੀ ਹੈ।