ਫਰਿਜ਼ਨੋ – ਅਮਰੀਕਾ ਦੇ ਓਹੀਓ ’ਚ ਤਕਰੀਬਨ ਡੇਢ ਸਾਲ ਪਹਿਲਾਂ ਇੱਕ ਮੈਡੀਕਲ ਸੈਂਟਰ ਦੀ ਲਾਬੀ ’ਚ ਪਿੱਕਅਪ ਟਰੱਕ ਹੇਠ ਦਰੜ ਕੇ ਦੋ ਲੋਕਾਂ ਦੀ ਹੱਤਿਆ ਕਰਨ ਦੇ ਦੋਸ਼ੀ ਵਿਅਕਤੀ ਨੂੰ 30 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ । ਓਹੀਓ ਦੇ ਬਾਲਟੀਮੋਰ ਦਾ 46 ਸਾਲਾ ਰੇਮੰਡ ਲਿਏਂਡੇਕਰ ਸਤੰਬਰ 2019 ’ਚ ਕਨਾਲ ਵਿੰਚੈਸਟਰ ਵਿਚਲੇ ਡਿੱਲੀ ਰਿਜ ਮੈਡੀਕਲ ਸੈਂਟਰ ’ਚ ਹੋਈਆਂ ਦੋ ਮੌਤਾਂ ਲਈ ਦੋਸ਼ੀ ਪਾਇਆ ਗਿਆ ਹੈ । ਫੇਅਰਫੀਲਡ ਕਾਊਂਟੀ ਦੇ ਕਾਮਨ ਪਲੇਸ ਜੱਜ ਡੇਵਿਡ ਟ੍ਰਿਮਰ ਨੇ ਸ਼ੁੱਕਰਵਾਰ ਉਸ ਨੂੰ ਮਰੀਜ਼ ਸਿੰਡੀ ਫ੍ਰਿਟਜ਼ ਅਤੇ ਲੰਬੇ ਸਮੇਂ ਤੋਂ ਹਸਪਤਾਲ ਦੇ ਵਰਕਰ ਸਕਾਟਟ ਡੇਵਿਸ ਦੀ ਮੌਤ ਦੇ ਮਾਮਲੇ ’ਚ ਹਰੇਕ ਮੌਤ ਲਈ 15 ਸਾਲ ਦੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਇਹ ਦੋਵੇਂ ਸਜ਼ਾਵਾਂ ਲਗਾਤਾਰ ਚੱਲਣਗੀਆਂ।
ਅਧਿਕਾਰੀਆਂ ਨੇ ਦੱਸਿਆ ਕਿ ਲਿਏਂਡੇਕਰ ਨੇ ਹਸਪਤਾਲ ਦੇ ਐਮਰਜੈਂਸੀ ਵਿਭਾਗ ਦੇ ਪ੍ਰਵੇਸ਼ ਦੁਆਰ ’ਤੇ ਪਿੱਕਅਪ ਟਰੱਕ ਚਲਾਉਣ ਤੋਂ ਪਹਿਲਾਂ ਡਾਕਟਰੀ ਕੇਂਦਰ ਵਿਖੇ ਮਨੋਵਿਗਿਆਨਿਕ ਮੁਲਾਂਕਣ ਕਰਵਾਇਆ ਸੀ ਅਤੇ ਉਹ ਇਸ ਮੁਲਾਂਕਣ ਤੋਂ ਪਰੇਸ਼ਾਨ ਸੀ । ਇਸ ਤੋਂ ਇਲਾਵਾ ਉਸ ਵਲੋਂ ਹਸਪਤਾਲ ’ਚ ਦਾਖਲ ਹੋਣ ਤੋਂ ਪਹਿਲਾਂ ਬ੍ਰੇਕ ਲਾਉਣ ਦੇ ਵੀ ਕੋਈ ਸੰਕੇਤ ਨਹੀਂ ਮਿਲੇ ਸਨ । ਆਪਣੀ ਸਜ਼ਾ ਸੁਣਨ ਤੋਂ ਪਹਿਲਾਂ ਲਿਏਂਡੇਕਰ ਨੇ ਪੀੜਤ ਪਰਿਵਾਰਾਂ ਤੋਂ ਮੁਆਫੀ ਮੰਗੀ ਅਤੇ ਕਿਹਾ ਕਿ ਉਸ ਨੇ ਆਪਣੀ ਮਾਨਸਿਕ ਸਿਹਤ ਲਈ ਸਹਾਇਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ ।