ਨਵੀਂ ਦਿੱਲੀ- ਕੇਂਦਰੀ ਸਿਹਤ ਮੰਤਰਾਲਾ ਨੇ ਕਿਹਾ ਕਿ ਕੋਰੋਨਾ ਵਾਇਰਸ ਬਹੁਤ ਤੇਜ਼ ਰਫ਼ਤਾਰ ਨਾਲ ਫੈਲ ਰਿਹਾ ਹੈ ਅਤੇ ਮਹਾਮਾਰੀ ਦੀ ਤੀਬਰਤਾ ਵੀ ਵਧੀ ਹੈ। ਇਸ ਨੂੰ ਵੇਖਦਿਆਂ ਆਉਣ ਵਾਲੇ 4 ਹਫਤੇ ਦੇਸ਼ ਲਈ ਕਾਫੀ ਜ਼ੋਖਮ ਭਰੇ ਹਨ। ਮੰਤਰਾਲਾ ਦਾ ਅਨੁਮਾਨ ਹੈ ਕਿ ਅਪ੍ਰੈਲ ਤੋਂ ਬਾਅਦ ਹਾਲਾਤ ਵਿਚ ਕੁਝ ਸੁਧਾਰ ਸੰਭਵ ਹੈ। ਫਿਲਹਾਲ ਦੇਸ਼ ਦੇ 10 ਜ਼ਿਲ੍ਹਿਆਂ ਵਿਚ ਕੋਰੋਨਾ ਦੇ ਕੇਸ ਤੇਜ਼ੀ ਨਾਲ ਵਧਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਜ਼ਿਲਿਆਂ ਵਿਚ 7 ਜ਼ਿਲੇ ਮਹਾਰਾਸ਼ਟਰ, ਇਕ-ਇਕ ਜ਼ਿਲਾ ਪੰਜਾਬ, ਦਿੱਲੀ ਤੇ ਛੱਤੀਸਗੜ੍ਹ ਤੋਂ ਹੈ।
ਕੋਰੋਨਾ ਸਬੰਧੀ ਮੰਗਲਵਾਰ ਨੂੰ ਸਿਹਤ ਮੰਤਰਾਲਾ ਤੇ ਨੀਤੀ ਆਯੋਗ ਦੀ ਹੋਈ ਸਾਂਝੀ ਪ੍ਰੈੱਸ ਕਾਨਫਰੰਸ ਵਿਚ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਦੱਸਿਆ ਕਿ ਮੌਜੂਦਾ ਸਮੇਂ ’ਚ ਮਹਾਰਾਸ਼ਟਰ, ਪੰਜਾਬ ਤੇ ਛੱਤੀਸਗੜ੍ਹ ਦੇ ਹਾਲਾਤ ਚਿੰਤਾਜਨਕ ਹਨ। ਮਹਾਰਾਸ਼ਟਰ ’ਚ ਸਥਿਤੀ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ। ਇੱਥੇ ਫਰਵਰੀ ਦੇ ਦੂਜੇ ਹਫ਼ਤੇ ’ਚ ਰੋਜ਼ਾਨਾ ਲਗਭਗ 3 ਹਜ਼ਾਰ ਨਵੇਂ ਮਾਮਲੇ ਆਉਂਦੇ ਸਨ, ਇਹ ਹੁਣ ਵਧ ਕੇ 44 ਹਜ਼ਾਰ ਰੋਜ਼ਾਨਾ ਹੋ ਚੁੱਕੇ ਹਨ। ਮਹਾਰਾਸ਼ਟਰ ਦਾ ਅੰਕੜਾ ਪੂਰੇ ਦੇਸ਼ ਵਿਚ ਆਉਣ ਵਾਲੇ ਕੋਰੋਨਾ ਕੇਸਾਂ ਦਾ 58 ਫੀਸਦੀ ਹੈ। ਇੱਥੇ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਪਿਛਲੇ 2 ਮਹੀਨਿਆਂ ਵਿਚ 32 ਤੋਂ ਵਧ ਕੇ 250 ਰੋਜ਼ਾਨਾ ਹੋ ਗਈ ਹੈ, ਜੋ ਦੇਸ਼ ਵਿਚ ਹੋ ਰਹੀਆਂ ਕੁਲ ਮੌਤਾਂ ਦਾ 34 ਫ਼ੀਸਦੀ ਹੈ। ਪੰਜਾਬ ਵਿਚ ਕੋਰੋਨਾ ਦੀ ਪਾਜ਼ੇਟਿਵਿਟੀ ਦਰ 8.8 ਫੀਸਦੀ ਹੈ ਅਤੇ ਮੌਤ ਦਰ ਦੇਸ਼ ਦੇ ਔਸਤ ਦਾ 4.5 ਫੀਸਦੀ ਹੈ।
ਚੰਗੀ ਗੱਲ ਤਾਂ ਇਹ ਹੈ ਕਿ ਪੰਜਾਬ ਵਿਚ 76 ਫੀਸਦੀ ਆਰ. ਟੀ. ਪੀ. ਸੀ. ਆਰ. ਟੈਸਟ ਕੀਤੇ ਜਾ ਰਹੇ ਹਨ। ਮਹਾਰਾਸ਼ਟਰ ਦੇ 30, ਛੱਤੀਸਗੜ੍ਹ ਦੇ 11 ਅਤੇ ਪੰਜਾਬ ਦੇ 9 ਜ਼ਿਲਿਆਂ ਵਿਚ ਕੇਂਦਰੀ ਸਿਹਤ ਮੰਤਰਾਲਾ ਨੇ ਮਾਹਿਰਾਂ ਦੀਆਂ 50 ਟੀਮਾਂ ਭੇਜੀਆਂ ਹਨ। ਪ੍ਰੈੱਸ ਕਾਨਫਰੰਸ ਵਿਚ ਮੌਜੂਦ ਨੀਤੀ ਆਯੋਗ ਦੇ ਮੈਂਬਰ ਡਾ. ਵੀ. ਕੇ. ਪਾਲ ਨੇ ਸਾਵਧਾਨ ਕਰਦਿਆਂ ਕਿਹਾ ਕਿ ਆਉਣ ਵਾਲੇ 4 ਹਫਤੇ ਦੇਸ਼ ਲਈ ਕਾਫੀ ਜ਼ੋਖਮ ਭਰੇ ਹਨ। ਕੋਰੋਨਾ ਦੀ ਦੂਜੀ ਲਹਿਰ ’ਤੇ ਕਾਬੂ ਪਾਇਆ ਜਾ ਸਕਦਾ ਹੈ। ਲੋਕਾਂ ਨੂੰ ਹੁਣ ਜ਼ਿਆਦਾ ਸਾਵਧਾਨੀ ਰੱਖਣੀ ਚਾਹੀਦੀ ਹੈ, ਕਿਉਂਕਿ ਨਵੇਂ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ।
45 ਸਾਲ ਤੇ ਇਸ ਤੋਂ ਵੱਧ ਉਮਰ ਦੇ ਆਪਣੇ ਸਾਰੇ ਮੁਲਾਜ਼ਮਾਂ ਨੂੰ ਕੋਵਿਡ-ਰੋਕੂ ਟੀਕਾ ਲਵਾਉਣ
ਇਸੇ ਦੌਰਾਨ ਕੇਂਦਰ ਸਰਕਾਰ ਨੇ 45 ਸਾਲ ਤੇ ਇਸ ਤੋਂ ਵੱਧ ਉਮਰ ਦੇ ਆਪਣੇ ਸਾਰੇ ਮੁਲਾਜ਼ਮਾਂ ਨੂੰ ਕੋਵਿਡ-ਰੋਕੂ ਟੀਕਾ ਲਵਾਉਣ ਲਈ ਕਿਹਾ ਹੈ। ਕਰਮਚਾਰੀ ਮੰਤਰਾਲਾ ਦੇ ਹੁਕਮ ਵਿਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਕੇਂਦਰ ਸਰਕਾਰ ਨੇ ਕਿਹਾ ਹੈ ਕਿ 18 ਤੋਂ 44 ਸਾਲ ਦੇ ਸਿਹਤ ਮੁਲਾਜ਼ਮਾਂ ਅਤੇ ਫਰੰਟਲਾਈਨ ਵਰਕਰਾਂ ਲਈ ਕੋਵਿਡ-19 ਟੀਕਾਕਰਨ ਲਈ ਮੌਕੇ ’ਤੇ ਜਾ ਕੇ ਰਜਿਸਟ੍ਰੇਸ਼ਨ ਕਰਵਾਉਣ ਦੀ ਸਹੂਲਤ ਹੁਣ ਸਿਰਫ ਸਰਕਾਰੀ ਟੀਕਾਕਰਨ ਕੇਂਦਰਾਂ ’ਤੇ ਹੀ ਮੁਹੱਈਆ ਹੋਵੇਗੀ।
24 ਘੰਟੇ : 630 ਮੌਤਾਂ, 43 ਲੱਖ ਨੇ ਲਵਾਇਆ ਟੀਕਾ, ਸਭ ਤੋਂ ਵੱਧ ਲੋਕ ਰੋਗ-ਮੁਕਤ
ਦੇਸ਼ ਵਿਚ ਇਕ ਦਿਨ ’ਚ ਕੋਵਿਡ-19 ਦੇ 1,15,736 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਪ੍ਰਭਾਵਿਤਾਂ ਦੀ ਕੁਲ ਗਿਣਤੀ 1,28,01,785 ਹੋ ਗਈ। ਪਿਛਲੇ 24 ਘੰਟਿਆਂ ’ਚ 630 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਧ ਕੇ 1,66,177 ਹੋ ਗਈ। ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 43 ਲੱਖ ਤੋਂ ਵੱਧ ਲੋਕਾਂ ਨੂੰ ਕੋਵਿਡ-19 ਰੋਕੂ ਟੀਕਾ ਲਾਇਆ ਗਿਆ, ਜੋ ਹੁਣ ਤਕ ਇਕ ਦਿਨ ਵਿਚ ਦਿੱਤੀਆਂ ਗਈਆਂ ਖੁਰਾਕਾਂ ਦੇ ਲਿਹਾਜ਼ ਨਾਲ ਸਭ ਤੋਂ ਵੱਧ ਹੈ। 24 ਘੰਟਿਆਂ ’ਚ ਮਹਾਰਾਸ਼ਟਰ ਵਿਚ ਸਭ ਤੋਂ ਵੱਧ 26,252 ਮਰੀਜ਼, ਦਿੱਲੀ ਵਿਚ 2,926, ਪੰਜਾਬ ਵਿਚ 2,515, ਮੱਧ ਪ੍ਰਦੇਸ਼ ਵਿਚ 2,064 ਮਰੀਜ਼ ਕੋਰੋਨਾ ਮਹਾਮਾਰੀ ਤੋਂ ਮੁਕਤ ਹੋਏ ਹਨ।