ਬੌਲੀਵੁਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਇੰਡਸਟਰੀ ਦੇ ਸਭ ਤੋਂ ਰੁੱਝੇ ਸਿਤਾਰਿਆਂ ‘ਚੋਂ ਇੱਕ ਹਨ। 2020 ‘ਚ ਲੱਗੀ ਤਾਲਾਬੰਦੀ ਦੇ ਹਟਣ ਤੋਂ ਬਾਅਦ ਅਦਾਕਾਰ ਅਕਸ਼ੈ ਕੁਮਾਰ ਸ਼ੂਟਿੰਗ ਕਰ ਰਹੇ ਹਨ ਅਤੇ ਆਪਣੀਆਂ ਫ਼ਿਲਮਾਂ ਨੂੰ ਸਮੇਂ ‘ਤੇ ਪੂਰਾ ਕਰਨ ‘ਚ ਲੱਗੇ ਹਨ। ਹੁਣ ਅਦਾਕਾਰ ਅਕਸ਼ੈ ਕੁਮਾਰ ਵੀ ਕੋਰੋਨਾ ਵਾਇਰਸ ਦੀ ਲਪੇਟ ‘ਚ ਆ ਗਏ ਹਨ।
ਅਕਸ਼ੈ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਕੋਰੋਨਾ ਹੋ ਗਿਆ ਹੈ। ਇਸ ਬਾਰੇ ‘ਚ ਉਨ੍ਹਾਂ ਨੇ ਇਨਸਟਾਗ੍ਰੈਮ ‘ਤੇ ਪੋਸਟ ਕਰ ਕੇ ਜਾਣਕਾਰੀ ਦਿੱਤੀ। ਅਕਸ਼ੈ ਨੇ ਕਿਹਾ ਕਿ ਉਹ ਘਰ ‘ਚ ਇਕਾਂਤਵਾਸ ‘ਚ ਹਨ ਅਤੇ ਜ਼ਰੂਰੀ ਦਵਾਈਆਂ ਲੈ ਰਹੇ ਹਨ।
ਦੱਸ ਦਈਏ ਕਿ ਹਾਲ ਹੀ ‘ਚ ਦਿੱਗਜ ਬੌਲੀਵੁਡ ਅਦਾਕਾਰ ਆਮਿਰ ਖ਼ਾਨ ਵੀ ਕੋਰੋਨਾ ਪੌਜ਼ੇਟਿਵ ਪਾਏ ਗਏ। ਉਨ੍ਹਾਂ ਦੇ ਇੱਕ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਆਮਿਰ ਖ਼ਾਨ ਨੇ ਖ਼ੁਦ ਨੂੰ ਘਰ ‘ਚ ਇਕਾਂਤਵਾਸ ਕੀਤਾ ਹੈ।
ਇਹ ਸਿਤਾਰੇ ਹੋਏ ਕੋਵਿਡ ਪੌਜ਼ੇਟਿਵ – ਆਮਿਰ ਅਤੇ ਰਮੇਸ਼ ਤੋਂ ਇਲਾਵਾ ਹਾਲ ਹੀ ‘ਚ ਕਾਰਤਿਕ ਆਰਿਅਨ, ਮਨੋਜ ਬਾਜਪਾਈ, ਰਣਬੀਰ ਕਪੂਰ, ਅਦਾਕਾਰਾ ਆਲੀਆ ਭੱਟ, ਸਤੀਸ਼ ਕੌਸ਼ਿਕ, ਸੰਗੀਤਕਾਰ ਬੱਪੀ ਲਹਿਰੀ ਵਰਗੇ ਕਈ ਕਲਾਕਾਰ ਕੋਰੋਨਾ ਦੀ ਚਪੇਟ ‘ਚ ਆ ਚੁੱਕੇ ਹਨ।
ਇਹ ਸਿਤਾਰੇ ਲਗਵਾ ਚੁੱਕੇ ਹਨ ਕੋਰੋਨਾ ਟੀਕਾ – ਇਸ ਦੇ ਨਾਲ ਹੀ ਕੋਰੋਨਾ ਦੇ ਕਹਿਰ ਨੂੰ ਵਧਦਾ ਦੇਖ ਕੇ ਬੌਲੀਵੁਡ ਦੀਆਂ ਕਈ ਹਸਤੀਆਂ ਨੇ ਕੋਰੋਨਾ ਦਾ ਟੀਕਾ ਲਗਵਾ ਲਿਆ ਹੈ। ਇਨ੍ਹਾਂ ਸਿਤਾਰਿਆਂ ‘ਚ ਸਲਮਾਨ ਖ਼ਾਨ ਤੋਂ ਇਲਾਵਾ ਅਦਾਕਾਰਾ ਹੇਮਾ ਮਾਲਿਨੀ, ਅਨੁਪਮ ਖੇਰ, ਜੌਨੀ ਲੀਵਰ, ਸੈਫ਼ ਅਲੀ ਖ਼ਾਨ, ਕਮਲ ਹਾਸਨ, ਰੋਹਿਤ ਸ਼ੈਟੀ, ਰਾਮ ਕਪੂਰ ਅਤੇ ਸਤੀਸ਼ ਸ਼ਾਹ ਵਰਗੇ ਕਈ ਸਿਤਾਰੇ ਸ਼ਾਮਿਲ ਹਨ।