ਬਾਂਦਾ- ਉੱਤਰ ਪ੍ਰਦੇਸ਼ ਦਾ ਗੈਂਗਸਟਰ ਅਤੇ ਬਾਹੁਬਲੀ ਵਿਧਾਇਕ ਮੁਖਤਾਰ ਅੰਸਾਰ ਦੀ ਸਿਹਤ ਉੱਤਰ ਪ੍ਰਦੇਸ਼ ਪਹੁੰਚਦੇ ਹੀ ਅਚਾਨਕ ਠੀਕ ਹੋ ਗਈ। ਬੁੱਧਵਾਰ ਸਵੇਰੇ ਜਦੋਂ ਅੰਸਾਰੀ ਬਾਂਦਾ ਜੇਲ੍ਹ ਪਹੁੰਚਿਆ ਤਾਂ ਉਹ ਖ਼ੁਦ ਆਪਣੇ ਪੈਰਾਂ ‘ਤੇ ਤੁਰ ਕੇ ਬੈਰਕ ਤੱਕ ਗਿਆ।
ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦੇ ਆਦੇਸ਼ ‘ਤੇ ਸਾਢੇ 26 ਮਹੀਨਿਆਂ ਬਾਅਦ ਬੁੱਧਵਾਰ ਨੂੰ ਮੁਖਤਾਰ ਦੀ ਬਾਂਦਾ ਜੇਲ੍ਹ ‘ਚ ਵਾਪਸੀ ਸੰਭਵ ਹੋ ਸਕੀ ਹੈ। ਬਾਂਦਾ ਜੇਲ੍ਹ ਪਹੁੰਚਦੇ ਹੀ ਜਦੋਂ ਜੇਲ੍ਹਰ ਨੇ ਮੁਖਤਾਰ ਨੂੰ ਵ੍ਹੀਲਚੇਅਰ ਦਿੱਤੀ ਤਾਂ ਉਸ ਨੇ ਬਿਨਾਂ ਉਸ ਨੂੰ ਦੇਖੇ ਆਪਣੇ ਨਾਲ ਲਿਆਂਦੇ ਦੋਵੇਂ ਬੈਗ ਚੁੱਕੇ ਅਤੇ ਸਿੱਧੇ ਅੰਦਰ ਚੱਲਾ ਗਿਆ। ਉੱਥੇ ਹੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਖਤਾਰ ਦੀ ਮੈਡੀਕਲ ਰਿਪੋਰਟ ‘ਚ ਵੀ ਕੋਈ ਗੰਭੀਰ ਬੀਮਾਰੀ ਦਾ ਜ਼ਿਕਰ ਨਹੀਂ ਹੈ, ਰਿਪੋਰਟ ਅਨੁਸਾਰ ਉਸ ਦੀ ਸਿਹਤ ਠੀਕ ਹੈ।
ਉੱਤਰ ਪ੍ਰਦੇਸ਼ ਪੁਲਸ ਦੀ ਸਪੈਸ਼ਲ ਸੁਰੱਖਿਆ ਟੀਮ ਵਲੋਂ ਪੰਜਾਬ ਦੀ ਰੋਪੜ ਜੇਲ੍ਹ ਤੋਂ ਵਿਚਾਰ ਅਧੀਨ ਬੰਦ ਮੁਖਤਾਰ ਅੰਸਾਰੀ ਨੂੰ ਤੜਕੇ ਕਰੀਬ 4.50 ਵਜੇ ਜ਼ਿਲ੍ਹਾ ਜੇਲ੍ਹ ਬਾਂਦਾ ਦੇ ਗੇਟ ‘ਤੇ ਲਿਆਂਦਾ ਗਿਆ ਅਤੇ ਲਗਭਗ 5 ਵਜੇ ਉਸ ਨੂੰ ਜੇਲ੍ਹ ਦੇ ਅੰਦਰ ਭੇਜ ਦਿੱਤਾ ਗਿਆ। ਜਿਸ ਤੋਂ ਬਾਅਦ ਮੈਡੀਕਲ ਕਾਲਜ ਬਾਂਦਾ ਦੇ ਡਾਕਟਰਾਂ ਦੀ ਟੀਮ ਨੇ ਮੁਖਤਾਰ ਦੀ ਸਿਹਤ ਦੀ ਜਾਂਚ ਕੀਤੀ, ਜਿਸ ਦੀ ਰਿਪੋਰਟ ਠੀਕ ਆਈ ਹੈ। ਕੋਰਟ ਨਾਲ ਸੰਬੰਧਤ ਦਸਤਾਵੇਜ਼ਾਂ ਦਾ ਪ੍ਰੀਖਣ ਵੀ ਕੀਤਾ ਗਿਆ।