ਸੁਰਜੀਤ ਜੱਸਲ 9814607737
ਰੰਜੀਵ ਸਿੰਗਲਾ ਪ੍ਰੋਡਕਸ਼ਨ ਦੇ ਬੈਨਰ ਹੇਠ 16 ਅਪ੍ਰੈਲ ਵਿਸਾਖੀ ਦੇ ਦਿਨਾਂ ‘ਤੇ ਰਿਲੀਜ਼ ਹੋ ਰਹੀ ਫ਼ਿਲਮ ਕੁੜੀਆਂ ਜਵਾਨ-ਬਾਪੂ ਪਰੇਸ਼ਾਨ ਮਨੋਰੰਜਨ ਪੱਖੋਂ ਇੱਕ ਨਿਰੋਲ ਪਰਿਵਾਰਕ ਕੌਮੇਡੀ ਫ਼ਿਲਮ ਹੈ ਜੋ ਦਰਸ਼ਕਾਂ ਨੂੰ ਹਾਸੇ-ਹਾਸੇ ‘ਚ ਸਮਾਜ ਪ੍ਰਤੀ ਚੰਗੀ ਸੋਚ ਵਾਲੇ ਜ਼ਿੰਮੇਵਾਰ ਇੰਨਸਾਨ ਬਣਨ ਦਾ ਸੁਨੇਹਾ ਦਿੰਦੀ ਹੈ। ਫ਼ਿਲਮ ਦਾ ਵਿਸ਼ਾ ਸਮਾਜ ‘ਚੋਂ ਧੀਆਂ-ਪੁੱਤਾਂ ਦੇ ਫ਼ਰਕ ਨੂੰ ਮਿਟਾਉਂਦਾ ਹੈ ਅਤੇ ਦੱਸਦਾ ਹੈ ਕਿ ਧੀਆਂ ਵੀ ਪੁੱਤਾਂ ਨਾਲੋਂ ਘੱਟ ਨਹੀਂ ਹੁੰਦੀਆਂ। ਇਸ ਫ਼ਿਲਮ ਦੇ ਟਾਇਟਲ ਅਨੁਸਾਰ ਇੱਕ ਬਾਪ ਦੇ ਘਰ ਜਦ ਇੱਕ ਧੀ ਪੈਦਾ ਹੁੰਦੀ ਹੈ ਤਾਂ ਉਸ ਦੇ ਫ਼ਿਕਰ ਨੂੰ ਦਰਸਾਉਂਦਾ ਹੈ। ਇਸ ਫ਼ਿਲਮ ‘ਚ ਕਰਮਜੀਤ ਅਨਮੋਲ, ਏਕਤਾ ਗੁਲਾਟੀ ਖੇੜਾ, ਪੀਹੂ ਸ਼ਰਮਾ, ਲਵ ਗਿੱਲ, ਲੱਕੀ ਧਾਲੀਵਾਲ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾ ਰਹੇ ਹਨ। ਅਵਤਾਰ ਸਿੰਘ ਦੇ ਨਿਰਦੇਸ਼ਨ ‘ਚ ਬਣੀ ਇਹ ਫ਼ਿਲਮ ਤਿੰਨ ਜਵਾਨ ਧੀਆਂ ਦੇ ਪਰੇਸ਼ਾਨ ਬਾਪ ਦੀ ਕਹਾਣੀ ਹੈ। ਜ਼ਿਕਰਯੋਗ ਹੈ ਕਿ ਦਰਜਨਾਂ ਫ਼ਿਲਮਾਂ ‘ਚ ਆਪਣੀ ਦਮਦਾਰ ਅਦਾਕਾਰੀ ਤੇ ਡਾਇਲਾਗਾਂ ਨਾਲ ਦਰਸ਼ਕਾਂ ਨੂੰ ਹਸਾਉਣ ਵਾਲਾ ਸਿਰਮੌਰ ਕੌਮੇਡੀਅਨ ਕਰਮਜੀਤ ਅਨਮੋਲ ਇੱਕ ਪਰੇਸ਼ਾਨ ਬਾਪ ਦੀ ਭੂਮਿਕਾ ‘ਚ ਨਜ਼ਰ ਆਵੇਗਾ। ਕਰਮਜੀਤ ਅਨਮੋਲ ਦਾ ਕਹਿਣਾ ਹੈ ਕਿ ਇਹ ਫ਼ਿਲਮ ਇੱਕ ਵੱਖਰੇ ਟੇਸਟ ਦੀ ਫ਼ਿਲਮ ਹੈ ਜੋ ਦਰਸ਼ਕਾਂ ਦਾ ਹਰ ਪੱਖੋਂ ਕੌਮੇਡੀ ਭਰਿਆ ਮਨੋਰੰਜਨ ਕਰੇਗੀ। ਆਓ ਇਸ ਪਰੇਸ਼ਾਨ ਬਾਪ ਦੀਆਂ ਧੀਆਂ ਬਾਰੇ ਵੀ ਗੱਲ ਕਰੀਏ।
ਏਕਤਾ ਗੁਲਾਟੀ ਖੇੜਾ – ਸਭ ਤੋਂ ਵੱਡੀ ਧੀ ਦਾ ਕਿਰਦਾਰ ਨਿਭਾਉਣ ਵਾਲੀ ਏਕਤਾ ਗੁਲਾਟੀ ਖੇੜਾ ਨੇ ਪੰਜਾਬੀ ਫ਼ਿਲ਼ਮਾਂ ‘ਚ ਬਤੌਰ ਆਰਟ ਡਾਇਰੈਕਟਰ ਸੁਰੂਆਤ ਕੀਤੀ ਸੀ ਤੇ ਫ਼ਿਰ ਉਹ ਪਰਦੇ ‘ਤੇ ਵੀ ਨਜ਼ਰ ਆਉਣ ਲੱਗੀ। ਇਸ ਫ਼ਿਲਮ ਤੋਂ ਪਹਿਲਾਂ ਦਰਸ਼ਕ ਉਸਨੂੰ ਫ਼ਿਲਮ ਮਿੰਦੋ ਤਸੀਲਦਾਰਨੀ ਮੈਰਿਜ ਪੈਲੇਸ, ਆਦਿ ਫ਼ਿਲਮਾਂ ‘ਚ ਵੇਖ ਚੁੱਕੇ ਹਨ। ਫ਼ਿਲਮ ਮਿੰਦੋ ਤਸੀਲਦਾਰਨੀ ‘ਚ ਬੋਲੇ ਡਾਇਲਾਗ ਲੌਂਗਾਂ ਵਾਲੀ ਚਾਹ ਨੂੰ ਤਾਂ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ। ਏਕਤਾ ਨੇ ਦੱਸਿਆ ਕਿ ਇਹ ਫ਼ਿਲਮ ‘ਚ ਉਸ ਨੇ ਵੱਡੀ ਬੇਟੀ ਦਾ ਕਿਰਦਾਰ ਨਿਭਾਇਆ ਹੈ ਜੋ ਬਹੁਤ ਗੁੱਸੇ ਵਾਲੀ ਪ੍ਰੰਤੂ ਮਾਡਰਨ ਵਿਚਾਰਾਂ ਦੀ ਕੁੜੀ ਹੈ। ਇਹ ਫ਼ਿਲਮ ਸਾਡੇ ਅਜੋਕੇ ਸਮਾਜ ਨੂੰ ਧੀਆਂ-ਪੁੱਤਾਂ ਦੀ ਬਰਾਬਰਤਾ ਦਾ ਸੁਨੇਹਾ ਦਿੰਦੀ ਹੈ। ਜਲੰਧਰ ਸ਼ਹਿਰ ਦੀ ਏਕਤਾ ਨੇ ਦੱਸਿਆ ਕਿ ਸਕੂਲ ਕਾਲਜ਼ ਦੇ ਦਿਨਾਂ ‘ਚ ਉਸ ਨੂੰ ਡਾਂਸ ਕਰਨ ਦਾ ਸ਼ੌਕ ਸੀ। ਏਕਤਾ ਕਲਾਸੀਕਲ ਡਾਂਸ ‘ਚ ਗੋਲਡ ਮੈਡਲਿਸਟ ਹੈ। ਏਕਤਾ ਗੁਲਾਟੀ ਨੇ ਫ਼ਿਲਮ ਲਾਵਾਂ ਫ਼ੇਰੇ ਤੋਂ ਆਪਣੇ ਫ਼ਿਲਮ ਕਰੀਅਰ ਦੀ ਸੁਰੂਆਤ ਕੀਤੀ ਸੀ। ਜਿੱਥੇ ਉਸ ਨੇ ਰਿਸ਼ੀ ਕਪੂਰ ਦੀ ਫ਼ਿਲਮ ਝੂਠਾ ਕਹੀਂ ਕਾ ‘ਚ ਇੱਕ ਖ਼ਾਸ ਕਿਰਦਾਰ ਨਿਭਾਇਆ ਸੀ ਉੱਥੇ ਹੈਪੀ ਰਾਏਕੋਟੀ ਦੇ ਗੀਤ ਮਾਂ ਸਮੇਤ ਹੋਰ ਅਨੇਕਾਂ ਗਾਇਕਾਂ ਦੇ ਵੀਡਿਓਜ਼ ‘ਚ ਵੀ ਕੰਮ ਕੀਤਾ।
ਉੱਚੇ ਸੁਪਨਿਆਂ ਵਾਲੀ ਪੀਹੂ ਸ਼ਰਮਾ – ਗੀਤਾਂ ਦੀ ਮਾਡਲਿੰਗ ਤੋਂ ਫ਼ਿਲਮਾਂ ਵੱਲ ਆਈ ਚੰਡੀਗੜ੍ਹ ਵਾਸੀ ਪੀਹੂ ਸ਼ਰਮਾ ਕੋਲ ਇਸ ਵੇਲੇ ਕਈ ਚੰਗੀਆਂ ਫ਼ਿਲਮਾਂ ਹਨ। ਉਸ ਨੂੰ ਖ਼ੁਸ਼ੀ ਹੈ ਕਿ ਲੌਕਡਾਊਨ ਤੋਂ ਪਹਿਲਾਂ ਬਣੀ ਉਸ ਦੀ ਫ਼ਿਲਮ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਹੁਣ ਜਲਦ ਸਿਨੇਮਿਆਂ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ ਜਿਸ ਤੋਂ ਉਸ ਨੂੰ ਬਹੁਤ ਆਸਾਂ ਹਨ। ਇਸੇ ਦੋਰਾਨ ਉਸ ਦੀਆਂ ਕੁਝ ਫ਼ਿਲਮਾਂ ਸੂਟਿੰਗ ਅਧੀਨ ਹਨ। 16 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਰੰਜੀਵ ਸਿੰਗਲਾ ਪ੍ਰੋਡਕਸ਼ਨ ਹੇਠ ਆਪਣੀ ਪਲੇਠੀ ਫ਼ਿਲਮ ਬਾਰੇ ਪੀਹੂ ਸ਼ਰਮਾ ਦਾ ਕਹਿਣਾ ਹੈ ਕਿ ਇਹ ਫ਼ਿਲਮ ਤਿੰਨ ਜਵਾਨ ਧੀਆਂ ਅਤੇ ਉਨ੍ਹਾਂ ਦੇ ਬਾਪ ਦੀ ਕਹਾਣੀ ਹੈ। ਫ਼ਿਲਮ ‘ਚ ਬਾਪੂ ਪਰੇਸ਼ਾਨ ਕਿਉਂ ਹੈ? ਇਹ ਫ਼ਿਲਮ ਦਾ ਇੱਕ ਦਿਲਚਸਪ ਵਿਸ਼ਾ ਹੈ। ਕਰਮਜੀਤ ਅਨਮੋਲ ਨੇ ਦਰਸ਼ਕਾਂ ਨੂੰ ਹਮੇਸ਼ਾ ਹੀ ਹਟਵੇਂ ਵਿਸ਼ੇ ਦੀਆਂ ਫ਼ਿਲਮਾਂ ਦਿੱਤੀਆਂ ਹਨ। ਇਹ ਫ਼ਿਲਮ ਵੀ ਉਸ ਦੀਆਂ ਹੁਣ ਤਕ ਆਈਆਂ ਫ਼ਿਲਮਾਂ ਤੋਂ ਹਟਕੇ ਹੋਵੇਗੀ ਜੋ ਤਿੰਨ ਜਵਾਨ ਧੀਆਂ ਦੇ ਬਾਪ ਦੀ ਪਰੇਸ਼ਾਨੀਆਂ, ਜ਼ਿੰਮੇਵਾਰੀਆਂ ਅਤੇ ਸਮਾਜਿਕ ਵਿਚਾਰਧਾਰਾ ਦੇ ਆਲੇ-ਦੁਆਲੇ ਘੁੰਮਦੀ ਹੈ। ਪੀਹੂ ਸ਼ਰਮਾ ਨੇ ਇਸ ਫ਼ਿਲਮ ‘ਚ ਵਿਚਕਾਰਲੀ ਬੇਟੀ ਦਾ ਕਿਰਦਾਰ ਨਿਭਾਇਆ ਹੈ ਜੋ ਆਪਣੇ ਬਾਪ ਦੇ ਬਹੁਤ ਨੇੜੇ ਹੈ। ਉਸ ਦੀਆਂ ਭਾਵਨਾਵਾਂ ਅਤੇ ਪਰੇਸ਼ਾਨੀਆਂ ਨੂੰ ਸਮਝਦੀ ਹੈ। ਉਹ ਪੜ੍ਹ ਕੇ ਵੱਡੀ ਅਫ਼ਸਰ ਬਣਨਾ ਚਾਹੁੰਦੀ ਹੈ ਤਾਂ ਕਿ ਆਪਣੇ ਬਾਪ ਨੂੰ ਹਰੇਕ ਸੁਖ-ਸਹੂਲਤ ਦੇ ਸਕੇ।
ਬੌਕਸਰ ਧੀ ਲਵ ਗਿੱਲ – ਮਾਡਲਿੰਗ ਤੋਂ ਅਦਾਕਾਰੀ ਵੱਲ ਆਈ ਮਾਝੇ ਦੀ ਖੂਬਸੁਰਤ ਅਦਾਕਾਰਾ ਲਵ ਗਿੱਲ ਆਪਣੀ ਕਲਾ ਸਦਕਾ ਕਦਮ ਦਰ ਕਦਮ ਅੱਗੇ ਵਧ ਰਹੀ ਹੈ। ਜੀ ਪੰਜਾਬੀ ਦੇ ਚਰਚਿਤ ਲੜੀਵਾਰ ਤੂੰ ਪਤੰਗ ਮੈਂ ਡੋਰ ‘ਚ ਇੱਕ ਪਾਕਿਸਤਾਨੀ ਲੜਕੀ ਜ਼ਰੀਨਾ ਦਾ ਕਿਰਦਾਰ ਨਿਭਾਉਣ ਵਾਲੀ ਲਵ ਗਿੱਲ ਨੇ ਇੰਨ੍ਹੀ ਦਿਨੀਂ ਨਿਰਮਾਤਾ ਰੰਜੀਵ ਸਿੰਗਲਾ ਦੀ ਆ ਰਹੀ ਪੰਜਾਬੀ ਫ਼ਿਲਮ ਕੁੜੀਆਂ ਜਵਾਨ ਬਾਪੂ ਪਰੇਸ਼ਾਨ ‘ਚ ਪਰੇਸ਼ਾਨ ਬਾਪ ਦੀ ਸੱਭ ਤੋਂ ਛੋਟੀ ਬੇਟੀ ਦਾ ਕਿਰਦਾਰ ਨਿਭਾਇਆ ਹੈ। ਲਵ ਗਿੱਲ ਨੇ ਦੱਸਿਆ ਕਿ ਨਟਖਟ ਸੁਭਾਅ ਦੀ ਇਹ ਬੇਟੀ ਬੌਕਸਿੰਗ ਦੇ ਖੇਤਰ ‘ਚ ਉੱਚਾ ਮੁਕਾਮ ਹਾਸਿਲ ਕਰਨ ਦਾ ਸੁਪਨਾ ਰੱਖਦੀ ਹੈ। ਉਸ ਦਾ ਕਿਰਦਾਰ ਬਹੁਤ ਚਣੌਤੀ ਭਰਿਆ ਹੈ ਜਿਸ ‘ਚ ਅਦਾਕਾਰੀ ਦੇ ਕਈ ਸ਼ੇਡਜ਼ ਨਜ਼ਰ ਆਉਣਗੇ। ਤਰਨਤਾਰਨ ਸ਼ਹਿਰ ਦੀ ਜੰਮਪਲ ਲਵ ਗਿੱਲ ਨੇ ਸਕੂਲ ਕਾਲਜ ਦੀਆਂ ਕਲਾ ਸਰਗਰਮੀਆਂ ਨਾਲ ਆਪਣੀ ਕਲਾ ਸਫ਼ਰ ਦੀ ਸੁਰੂਆਤ ਕੀਤੀ। ਉਸ ਨੇ ਲਘੂ ਫ਼ਿਲਮਾਂ, TV ਸੀਰੀਅਲਾਂ ਤੋਂ ਇਲਾਵਾ ਅਨੇਕਾਂ ਗਾਇਕਾਂ ਦੇ ਸੰਗੀਤਕ ਵੀਡਿਓਜ਼ ਵੀ ਕੰਮ ਕੀਤਾ। 16 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਤੋਂ ਲਵ ਗਿੱਲ ਨੂੰ ਬਹੁਤ ਆਸਾਂ ਹਨ।
ਫ਼ਿਲਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਨਿਰਮਾਤਾ ਰੰਜੀਵ ਸਿੰਗਲਾ ਨੇ ਦੱਸਿਆ ਕਿ ਇਹ ਫ਼ਿਲਮ ਲਾਵਾਂ ਫ਼ੇਰੇ ਵਾਂਗ ਫ਼ੁੱਲ ਪਰਿਵਾਰਕ ਕੌਮੇਡੀ ਹੋਵੇਗੀ। ਇਸ ਫ਼ਿਲਮ ਦੀ ਕਹਾਣੀ, ਸਕਰੀਨ ਪਲੇਅ ਅਤੇ ਡਾਇਲਾਗ ਅਮਨ ਸਿੱਧੂ ਨੇ ਲਿਖੇ ਹਨ। ਸੰਗੀਤ ਲਾਡੀ ਗਿੱਲ ਅਤੇ ਜੱਗੀ ਸਿੰਘ ਨੇ ਦਿੱਤਾ ਹੈ। ਹੈਪੀ ਰਾਏਕੋਟੀ, ਰੌਸ਼ਨ ਪ੍ਰਿੰਸ, ਤਲਬੀ ਅਤੇ ਜੱਗੀ ਸਿੰਘ ਦੇ ਲਿਖੇ ਗੀਤਾਂ ਨੂੰ ਗੁਰਨਾਮ ਭੁੱਲਰ, ਕਮਲ ਖਾਨ, ਆਰ ਬੀ ਅਤੇ ਤਲਬੀ ਨੇ ਪਲੇਅਬੈਕ ਗਾਇਆ ਹੈ। ਫ਼ਿਲਮ ਦੇ ਸਿਨਮੈਟੋਗ੍ਰਾਫ਼ਰ ਨਵਨੀਤ ਬੀਓਹਰ ਹਨ। ਫ਼ਿਲਮ ਦੇ ਪ੍ਰੋਡੀਊਸਰ ਰੰਜੀਵ ਸਿੰਗਲਾ ਹਨ ਅਤੇ ਐਗਜ਼ੀਕਿਊਟਰ ਪ੍ਰੋਡਿਊਸਰ ਰਾਜਿੰਦਰ ਕੁਮਾਰ ਗਾਹਰ ਹਨ। ਕਿਰਿਏਟਿਵ ਪ੍ਰੋਡਿਊਸਰ ਇੰਦਰ ਬਾਂਸਲ ਹਨ। ਇਹ ਫ਼ਿਲਮ ਓਮ ਜੀ ਗਰੁੱਪ ਵਲੋਂ 16 ਅਪ੍ਰੈਲ 2021 ਨੂੰ ਦੇਸ਼-ਵਿਦੇਸ਼ਾਂ ‘ਚ ਰਿਲੀਜ਼ ਕੀਤੀ ਜਾ ਰਹੀ ਹੈ। ਆਸ ਹੈ ਕਿ ਪਹਿਲੀਆਂ ਫ਼ਿਲਮਾਂ ਵਾਂਗ ਦਰਸ਼ਕ ਇਸ ਫ਼ਿਲਮ ਨੂੰ ਵੀ ਭਰਵਾਂ ਹੂੰਗਾਰਾਂ ਦੇਣਗੇ।