ਨਵੀਂ ਦਿੱਲੀ– ਕੋਵਿਡ-19 ਦੇ ਵਧਦੇ ਮਾਮਲਿਆਂ ਨੇ ਇਕ ਵਾਰ ਫਿਰ ਤੋਂ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਲੋਕਾਂ ਦੇ ਮੰਨ ’ਚ ਡਰ ਹੈ ਕਿ ਕਿਤੇ ਇਕ ਸਾਲ ਪਹਿਲਾਂ ਵਰਗੇ ਹਾਲਾਤ ਨਾ ਬਣ ਜਾਣ। ਕੋਰੋਨਾ ਦੇ ਵਧਦੇ ਮਾਮਲਿਆਂ ਵਿਚਕਾਰ ਕਈ ਸੂਬਿਆਂ ਨੇ ਆਪਣੇ ਪੱਧਰ ’ਤੇ ਨਾਈਟ ਕਰਫਿਊ ਅਤੇ ਤਾਲਾਬੰਦੀ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੂੰ ਡਰ ਹੈ ਕਿ ਜੇਕਰ ਪੂਰੇ ਦੇਸ਼ ’ਚ ਤਾਲਾਬੰਦੀ ਲੱਗ ਗਈ ਤਾਂ ਪਿਛਲੇ ਸਾਲ ਦੀ ਤਰ੍ਹਾਂ ਉਹ ਫਿਰ ਫਸ ਸਕਦੇ ਹਨ। ਸਭ ਤੋਂ ਜ਼ਿਆਦਾ ਚਿੰਤਾ ਪ੍ਰਵਾਸੀ ਮਜ਼ਦੂਰਾਂ ਨੂੰ ਸਤਾ ਰਹੀ ਹੈ।
ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਫਰ ਤੋਂ ਪ੍ਰਵਾਸੀ ਮਜ਼ਦੂਰਾਂ ਦੇ ਆਪਣੇ ਘਰਾਂ ਨੂੰ ਪਰਤਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਸੂਬਿਆਂ ’ਚ ਜਿਵੇਂ ਕੋਰੋਨਾ ਨੂੰ ਲੈ ਕੇ ਸਖ਼ਤੀ ਵਰਤੀ ਜਾ ਰਹੀ ਹੈ, ਉਸ ਨਾਲ ਤਾਲਾਬੰਦੀ ਲੱਗਣ ਦਾ ਖ਼ਦਸ਼ਾ ਵਧਦਾ ਜਾ ਰਿਹਾ ਹੈ। ਦਿੱਲੀ ਅਤੇ ਪੁਣੇ ਤੋਂ ਕਈ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਘਰਾਂ ਨੂੰ ਪਰਤਦੇ ਹੋਏ ਵੇਖਿਆ ਗਿਆ ਹੈ।
ਤਾਲਾਬੰਦੀ ਲੱਗੀ ਤਾਂ ਕਿੱਥੇ ਜਾਵਾਂਗੇ?
ਦਿੱਲੀ ਦੇ ਆਨੰਦ ਵਿਹਾਰ ਟਰਮਿਨਲ ’ਤੇ ਬੀਤੇ ਦਿਨੀਂ ਵੱਡੀ ਗਿਣਤੀ ’ਚ ਪ੍ਰਵਾਸੀ ਮਜ਼ਦੂਰ ਘਰ ਜਾਂਦੇ ਹੋਏ ਦਿਸੇ ਤਾਂ ਉਥੇ ਹੀ ਪੁਣੇ ਤੋਂ ਵੀ ਮਜ਼ਦੂਰ ਆਪਣੇ ਪਿੰਡਾਂ ਨੂੰ ਪਰਤ ਰਹੇ ਹਨ। ਮਜ਼ਦੂਰਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੀ ਤਰ੍ਹਾਂ ਅਚਾਨਕ ਤਾਲਾਬੰਦੀ ਲੱਗ ਗਈ ਤਾਂ ਅਸੀਂ ਕਿੱਥੇ ਜਾਵਾਂਗੇ, ਅਸੀਂ ਫਿਰ ਤੋਂ ਫਸ ਜਾਵਾਂਗੇ। ਪਿਛਲੇ ਸਾਲ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ, ਇਸ ਲ ਅਸੀਂ ਪਹਿਲਾਂ ਹੀ ਆਪਣੇ ਘਰਾਂ ਨੂੰ ਪਰਤ ਰਹੇ ਹਾਂ। ਅਸੀਂ ਪਿਛਲੇ ਸਾਲ ਦੀ ਤਰ੍ਹਾਂ ਇਥੇ ਨਹੀਂ ਫਸਣਾ ਚਾਹੁੰਦੇ। ਰੇਲਵੇ ਸਟੇਸ਼ਨਾਂ ’ਤੇ ਪ੍ਰਵਾਸੀ ਮਜ਼ਦੂਰਾਂ ਦੀ ਵਧਦੀ ਭੀੜ ਨੂੰ ਵੇਖਦੇ ਹੋਏ ਸਟੇਸ਼ਨ ਦੇ ਕਰਮਚਾਰੀ ਸਮਾਜਿਕ ਦੂਰੀ ਸਮੇਤ ਹੋਰ ਕੋਰੋਨਾ ਨਿਯਮਾਂ ਦਾ ਧਿਆਨ ਰੱਖ ਰਹੇ ਹਨ। ਦੱਸ ਦੇਈਏ ਕਿ ਦਿੱਲੀ, ਮਹਾਰਾਸ਼ਟਰ, ਗੁਜਰਾਤ, ਮੱਧ-ਪ੍ਰਦੇਸ਼, ਪੰਜਾਬ ਅਤੇ ਉੱਤਰ-ਪ੍ਰਦੇਸ਼ ਵਰਗੇ ਕਈ ਰਾਜਾਂ ’ਚ ਨੇ ਆਪਣੇ ਸ਼ਹਿਰਾਂ ’ਚ ਨਾਈਟ ਕਰਫਿਊ ਲਗਾਇਆ ਹੈ। ਮਹਾਰਾਸ਼ਟਰ, ਮੱਧ-ਪ੍ਰਦੇਸ਼ ’ਚ ਤਾਂ ਵੀਕੈਂਡ ਤਾਲਾਬੰਦੀ ਵੀ ਲਗਾਈ ਗਈ ਹੈ।
ਜਦੋਂ ਪੈਦਲ ਹੀ ਨਕਲ ਪਏ ਸਨ ਮਜ਼ਦੂਰ
ਸਾਲ 2020 ’ਚ ਮਾਰਚ ’ਚ ਜਦੋਂ ਤਾਲਾਬੰਦੀ ਲੱਗੀ ਤਾਂ ਬੱਸਾਂ, ਰੇਲਾਂ ਅਤੇ ਉਡਾਣਾਂ, ਸਭ ਕੁਝਬੰਦ ਹੋ ਗਿਆ ਸੀ। ਤਾਲਾਬੰਦੀ ’ਚ ਸਭ ਤੋਂ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਪ੍ਰਵਾਸੀ ਮਜ਼ਦੂਰਾਂ ਨੂੰ ਕਰਨਾ ਪਿਆ ਸੀ ਕਿਉਂਕਿ ਉਹ ਆਪਣੇ ਘਰਾਂ ਤੋਂ ਦੂਰ ਸਨ। ਅਜਿਹੇ ’ਚ ਕਈ ਪ੍ਰਵਾਸੀ ਮਜ਼ਦੂਰ ਪੈਦਲ ਹੀ ਆਪਣੇ ਘਰਾਂ ਅਤੇ ਪਿੰਡਾਂ ਵਲ ਨਿਕਲ ਪਏ ਸਨ।