ਪੰਜਾਬੀ ਗਾਇਕ, ਗੀਤਕਾਰ ਅਤੇ ਅਦਾਕਾਰ ਗੈਰੀ ਸੰਧੂ ਅੱਜ 37 ਸਾਲਾਂ ਦੇ ਹੋ ਗਏ ਹਨ। ਗੈਰੀ ਸੰਧੂ ਦਾ ਜਨਮ 4 ਅਪ੍ਰੈਲ, 1984 ਨੂੰ ਪਿੰਡ ਰੁੜਕਾ ਕਲਾਂ, ਗੁਰਾਇਆ ਜ਼ਿਲ੍ਹਾ ਜਲੰਧਰ ਵਿਖੇ ਹੋਇਆ ਸੀ। ਗੈਰੀ ਸੰਧੂ ਦਾ ਅਸਲੀ ਨਾਂ ਗੁਰਮੁਖ ਸਿੰਘ ਸੰਧੂ ਹੈ। ਗੈਰੀ ਸੰਧੂ ਨੇ ਆਪਣੀ ਮੁਢਲੀ ਪੜ੍ਹਾਈ ਸਰਕਾਰੀ ਸਕੂਲ, ਰੁੜਕਾ ਕਲਾਂ ਤੋਂ ਪੂਰੀ ਕੀਤੀ। ਗੈਰੀ ਪੜ੍ਹਾਈ ‘ਚ ਹੁਸ਼ਿਆਰ ਨਹੀਂ ਸਨ ਅਤੇ ਸਕੂਲੋਂ ਅਕਸਰ ਭੱਜ ਆਉਂਦੇ ਸਨ। ਗੈਰੀ 10ਵੀਂ ਜਮਾਤ ਤੋਂ ਇੱਕ ਵਾਰ ਫ਼ੇਲ੍ਹ ਵੀ ਹੋ ਚੁੱਕੇ ਹਨ।
ਗੈਰੀ ਸੰਧੂ ਨੂੰ ਖੇਡਾਂ ਦਾ ਬਹੁਤ ਸ਼ੌਕ ਹੈ ਅਤੇ ਉਨ੍ਹਾਂ ਨੂੰ ਫ਼ੁੱਟਬਾਲ ਖੇਡਣਾ ਬੇਹੱਦ ਪਸੰਦ ਹੈ। ਜਦੋਂ ਗੈਰੀ 13 ਸਾਲਾਂ ਦੇ ਸਨ, ਓਦੋਂ ਉਨ੍ਹਾਂ ਨੇ ਗੁਰਦੀਪ ਸਿੰਘ ਨਾਂ ਦੇ ਸ਼ਖ਼ਸ ਕੋਲੋਂ ਕਵੀਸ਼ਰੀ ਸਿੱਖੀ ਅਤੇ ਗੁਰਦੁਆਰਾ ਸਾਹਿਬ ‘ਚ ਆਪਣੇ ਦੋਸਤ ਜੱਗੀ ਸੰਧੂ ਨਾਲ ਧਾਰਮਿਕ ਸ਼ਬਦ ਗਾਉਣੇ ਸ਼ੁਰੂ ਕਰ ਦਿੱਤੇ। ਜਦੋਂ ਗੈਰੀ 17 ਸਾਲਾਂ ਦੇ ਹੋਏ ਤਾਂ ਉਹ ਇੰਗਲੈਂਡ ਚੱਲੇ ਗਏ ਜਿਥੇ ਉਨ੍ਹਾਂ ਦਿਹਾੜੀਆਂ ਲਗਾਈਆਂ। ਇਸ ਤੋਂ ਇਲਾਵਾ ਉਹ ਸੇਲਜ਼ਮੈਨ ਦਾ ਵੀ ਕੰਮ ਕਰ ਚੁੱਕੇ ਹਨ। ਗੈਰੀ ਨੇ ਇੰਗਲੈਂਡ ਵਿਖੇ ਰਹਿ ਕੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਅਤੇ ਉਸ ਤੋਂ ਅੱਠ ਸਾਲਾਂ ਬਾਅਦ ਉਨ੍ਹਾਂ ਨੇ ਆਪਣਾ ਪਹਿਲਾ ਗੀਤ ਰਿਲੀਜ਼ ਕੀਤਾ।
ਗੈਰੀ ਨੇ 2010 ‘ਚ ਆਪਣੇ ਗਾਇਕੀ ਸਫ਼ਰ ਦੀ ਸ਼ੁਰੂਆਤ ਕੀਤੀ। ਗੈਰੀ ਦਾ ਪਹਿਲਾ ਗੀਤ ਮੈਂ ਨੀ ਪੀਂਦਾ ਹਾਣ ਦੀਏ ਤੇਰਾ ਇਸ਼ਕ ਪਿਆਉਂਦਾ ਨੀ ਹੈ। ਇਸ ਗੀਤ ਨੂੰ ਲੋਕਾਂ ਵਲੋਂ ਖ਼ੂਬ ਪਸੰਦ ਕੀਤਾ ਗਿਆ। ਇਸ ਤੋਂ ਬਾਅਦ ਗੈਰੀ ਨੇ ਦਿਲ ਦੇ ਦੇ, ਫ਼ਰੈੱਸ਼, ਸਾਹਾਂ ਤੋਂ ਪਿਆਰਿਆ ਅਤੇ ਟੌਹਰ ਵਰਗੇ ਗੀਤ ਰਿਲੀਜ਼ ਕੀਤੇ।
2011 ‘ਚ ਗੈਰੀ ਸੰਧੂ ਨੂੰ ਬ੍ਰਿਟ ਏਸ਼ੀਆ ਐਵਾਰਡਜ਼ ‘ਚ ਬੈੱਸਟ ਮੇਲ ਐਕਟ ਦਾ ਐਵਾਰਡ ਦਿੱਤਾ ਗਿਆ। ਗੈਰੀ ਦੀ ਪਹਿਲੀ ਐਲਬਮ ‘ਚ ਸੱਤ ਗੀਤ ਸਨ ਜੋ ਗੈਰੀ ਨੇ ਖ਼ੁਦ ਲਿਖੇ ਸਨ। 2013 ‘ਚ ਗੈਰੀ ਨੇ ਧਾਰਮਿਕ ਗੀਤ ਇੱਕ ਤੇਰਾ ਸਹਾਰਾ ਗਾਇਆ ਜਿਸ ਨੂੰ ਅੱਜ ਤਕ ਲੋਕਾਂ ਵਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ। ਗੈਰੀ ਸੰਧੂ ਦੇ ਹਿੱਟ ਗੀਤਾਂ ਦੀ ਲਿਸਟ ਬੇਹੱਦ ਲੰਬੀ ਹੈ ਜੋ ਇਥੇ ਫ਼ਿੱਟ ਹੋਣੀ ਮੁਸ਼ਕਿਲ ਹੈ।
ਗੈਰੀ ਨੇ ਸਾਲ 2014 ‘ਚ ਆਪਣਾ ਫ਼ਿਲਮੀ ਸਫ਼ਰ ਵੀ ਸ਼ੁਰੂ ਕੀਤਾ ਸੀ। ਗੈਰੀ ਦੀ ਪਹਿਲੀ ਫ਼ਿਲਮ ਰੋਮੀਓ ਰਾਂਝਾ ਸੀ ਜਿਸ ‘ਚ ਉਨ੍ਹਾਂ ਨਾਲ ਜੈਜ਼ੀ ਬੀ ਨੇ ਵੀ ਮੁੱਖ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਉਹ ਚੱਲ ਮੇਰਾ ਪੁੱਤ 2 ਫ਼ਿਲਮ ‘ਚ ਵੀ ਨਜ਼ਰ ਆ ਚੁੱਕੇ ਹਨ। ਗੈਰੀ ਦਾ ਮਿਊਜ਼ਿਕ ਲੇਬਲ ਫ਼ਰੈੱਸ਼ ਮੀਡੀਆ ਰਿਕੌਰਡਜ਼ ਵੀ ਹੈ ਜਿਥੇ ਉਹ ਆਪਣੇ ਗੀਤ ਰਿਲੀਜ਼ ਕਰਦੇ ਹਨ। ਇਸ ਤੋਂ ਇਲਾਵਾ ਫ਼ਰੈੱਸ਼ ਨਾਂ ਤੋਂ ਗੈਰੀ ਦੀ ਕਲੋਦਿੰਗ ਲਾਈਨ ਵੀ ਹੈ ਜਿਸ ਦੇ ਸਟੋਰ ਜਲੰਧਰ, ਅੰਮ੍ਰਿਤਸਰ ਅਤੇ ਬਟਾਲਾ ਵਿੱਚ ਮੌਜੂਦ ਹਨ।
ਇੱਕ ਤੇਰਾ ਸਹਾਰਾ ਗੀਤ ਤੋਂ ਪਹਿਲਾਂ ਗੈਰੀ ਸੰਧੂ UK ਤੋਂ ਡੀਪੋਰਟ ਵੀ ਹੋਏ ਸਨ। ਗੈਰੀ UK ‘ਚ ਵੱਖਰੀ ਪਛਾਣ ਨਾਲ ਰਹਿ ਰਹੇ ਸਨ। ਗੈਰੀ ਨੂੰ ਇਸ ਲਈ ਚਾਰ ਦਿਨਾਂ ਲਈ ਜੇਲ੍ਹ ਵੀ ਜਾਣਾ ਪਿਆ ਸੀ।
ਗੈਰੀ ਸੰਧੂ ਦਾ ਇੱਕ ਵੱਡਾ ਭਰਾ ਵੀ ਹੈ ਜਦਕਿ ਉਨ੍ਹਾਂ ਦੇ ਮਾਤਾ-ਪਿਤਾ ਹੁਣ ਇਸ ਦੁਨੀਆਂ ‘ਚ ਨਹੀਂ ਰਹੇ। ਉਥੇ ਗੈਰੀ ਸੰਧੂ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਨਾਲ ਰਿਲੇਸ਼ਨ ‘ਚ ਵੀ ਰਹਿ ਚੁੱਕੇ ਹਨ। ਫ਼ਿਲਹਾਲ ਦੋਵੇਂ ਅਲੱਗ-ਅਲੱਗ ਰਹਿ ਰਹੇ ਹਨ।