ਲਖਨਊ— ਉੱਤਰ ਪ੍ਰਦੇਸ਼ ਦੇ ਮੁੱਖ ਮਤੰਰੀ ਯੋਗੀ ਆਦਿਤਿਆਨਾਥ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਹੋ ਗਏ ਹਨ। ਇਸ ਬਾਬਤ ਉਨ੍ਹਾਂ ਨੇ ਖ਼ੁਦ ਟਵੀਟ ਕਰ ਕੇ ਜਾਣਕਾਰੀ ਦਿੱਤੀ। ਉਨ੍ਹਾਂ ਟਵੀਟ ਕੀਤਾ ਕਿ ਕੋਰੋਨਾ ਦੇ ਸ਼ੁਰੂਆਤੀ ਲੱਛਣ ਦਿੱਸਣ ’ਤੇ ਮੈਂ ਕੋਵਿਡ-19 ਦੀ ਜਾਂਚ ਕਰਵਾਈ ਅਤੇ ਮੇਰੀ ਰਿਪੋਰਟ ਪਾਜ਼ੇਟਿਵ ਆਈ ਹੈ। ਮੈਂ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ ਅਤੇ ਡਾਕਟਰਾਂ ਦੇ ਸਲਾਹ-ਮਸ਼ਵਰੇ ਦਾ ਪਾਲਣ ਕਰ ਰਿਹਾ ਹਾਂ।
ਦੱਸ ਦੇਈਏ ਕਿ ਮੰਗਲਵਾਰ ਨੂੰ ਹੀ ਮੁੱਖ ਮੰਤਰੀ ਦਫ਼ਤਰ ਦੇ ਕੁਝ ਅਧਿਕਾਰੀ ਕੋਰੋਨਾ ਪਾਜ਼ੇਟਿਵ ਹੋਏ ਸਨ, ਜਿਸ ਤੋਂ ਬਾਅਦ ਯੋਗੀ ਨੇ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਸੀ ਅਤੇ ਉਨ੍ਹਾਂ ਦਾ ਟੈਸਟ ਹੋਇਆ ਸੀ। ਟੈਸਟ ਦੀ ਰਿਪੋਰਟ ਵਿਚ ਮੁੱਖ ਮੰਤਰੀ ਯੋਗੀ ਕੋਰੋਨਾ ਪਾਜ਼ੇਟਿਵ ਮਿਲੇ ਹਨ। ਪਾਜ਼ੇਟਿਵ ਹੋਣ ਮਗਰੋਂ ਯੋਗੀ ਨੇ ਕਿਹਾ ਕਿ ਪ੍ਰਦੇਸ਼ ਸਰਕਾਰ ਦੀਆਂ ਸਾਰੀਆਂ ਗਤੀਵਿਧੀਆਂ ਆਮ ਰੂਪ ਨਾਲ ਚੱਲ ਰਹੀਆਂ ਹਨ। ਇਸ ਦਰਮਿਆਨ ਜੋ ਵੀ ਲੋਕ ਮੇਰੇ ਸੰਪਰਕ ਵਿਚ ਆਏ ਹਨ, ਉਹ ਆਪਣੀ ਜਾਂਚ ਜ਼ਰੂਰ ਕਰਵਾਉਣ ਅਤੇ ਸਾਵਧਾਨੀ ਵਰਤਣ।