ਸਲਮਾਨ ਖ਼ਾਨ ਨਾਲ ਫ਼ਿਲਮ ਵੌਂਟਿਡ” ਚ ਨਜ਼ਰ ਆਈ ਅਦਾਕਾਰਾ ਆਇਸ਼ਾ ਟਾਕੀਆ ਨੇ ਪਿੱਛਲੇ ਹਫ਼ਤੇ ਆਪਣਾ ਜਨਮਦਿਨ ਮਨਾਇਆ। ਆਇਸ਼ਾ ਦਾ ਜਨਮ 9 ਅਪ੍ਰੈਲ 1986 ਨੂੰ ਮੁੰਬਈ ‘ਚ ਹੋਇਆ ਸੀ। ਉਸ ਨੇ ਮੁੰਬਈ ਦੇ ਸੇਂਟ ਐਨਥਨੀ ਗਰਲਜ਼ ਸਕੂਲ ਤੋਂ ਆਪਣੀ ਸਕੂਲ ਦੀ ਪੜ੍ਹਾਈ ਪੂਰੀ ਕੀਤੀ ਸੀ।
ਆਇਸ਼ਾ ਨੇ 13 ਸਾਲ ਦੀ ਉਮਰ ‘ਚ ਹੀ ਮਾਡਲਿੰਗ ਦੀ ਦੁਨੀਆਂ ‘ਚ ਕਦਮ ਰੱਖ ਲਿਆ ਸੀ। ਉਹ ਇਸ਼ਤਿਹਾਰ ‘ਚ ਕੈਂਪਲੈਨ ਗਰਲ ਬਣ ਕੇ ਕਾਫ਼ੀ ਚਰਚਾ ‘ਚ ਆਈ ਸੀ। ਉਸ ਤੋਂ ਬਾਅਦ ਫ਼ਾਲਗੁਨੀ ਪਾਠਕ ਦੀ ਮਿਊਜ਼ਿਕ ਵੀਡੀਓ ਮੇਰੀ ਚੂਨਰ ਉੜ ਉੜ ਜਾਏ ਨੇ ਉਸ ਨੂੰ ਬੌਲੀਵੁਡ ਦੀ ਨਜ਼ਰ ‘ਚ ਲਿਆ ਦਿੱਤਾ ਸੀ।
2004 ‘ਚ ਆਈ ਫ਼ਿਲਮ ਟਾਰਜ਼ਨ: ਦਾ ਵੰਡਰ ਕਾਰ ਨਾਲ ਆਇਸ਼ਾ ਨੇ ਡੈਬੀਊ ਕੀਤਾ ਸੀ। ਉਸ ਤੋਂ ਬਾਅਦ ਉਹ ਸ਼ਾਹਿਦ ਕਪੂਰ ਨਾਲ ਫ਼ਿਲਮ ਦਿਲ ਮਾਂਗੇ ਮੌਰ” ਚ ਨਜ਼ਰ ਆਈ ਸੀ। ਅਭੈ ਦਿਓਲ ਨਾਲ ਉਸ ਦੀ ਰੋਮੈਂਟਿਕ ਫ਼ਿਲਮ ਸੋਚਾ ਨਾ ਥਾ ਦਰਸ਼ਕਾਂ ਨੂੰ ਕਾਫ਼ੀ ਪਸੰਦ ਆਈ ਸੀ। 2009 ‘ਚ ਰਿਲੀਜ਼ ਸਲਮਾਨ ਅਤੇ ਆਇਸ਼ਾ ਸਟਾਰਰ ਫ਼ਿਲਮ ਵੌਂਟਿਡ ਸੁਪਰਹਿੱਟ ਰਹੀ ਸੀ। ਉਸ ਦੀ ਆਖਰੀ ਫ਼ਿਲਮ ਆਪ ਕੇ ਲਿਏ ਹਮ 2013 ‘ਚ ਰੀਲੀਜ਼ ਹੋਈ ਸੀ।
ਆਇਸ਼ਾ ਕਦੇ ਬ੍ਰੈੱਸਟ ਇੰਪਲਾਂਟ ਕਰਵਾ ਕੇ ਸੁਰਖ਼ੀਆਂ ‘ਚ ਆਈ ਸੀ। ਇਸ ਤੋਂ ਬਾਅਦ ਉਸ ਨੇ ਚਿਹਰੇ ਦੀ ਸਰਜਰੀ ਕਰਵਾ ਕੇ ਵੀ ਕਾਫ਼ੀ ਸੁਰਖ਼ੀਆਂ ਬਟੋਰੀਆਂ ਸਨ। ਹਾਲਾਂਕਿ ਆਇਸ਼ਾ ਨੇ ਸਰਜਰੀ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਸੀ।
2009 ‘ਚ ਆਇਸ਼ਾ ਨੇ ਰੈਸਟੋਰੈਂਟ ਮਾਲਕ ਅਤੇ ਸਮਾਜਵਾਦੀ ਪਾਰਟੀ ਦੇ ਨੇਤਾ ਅਬੂ ਆਜ਼ਮੀ ਦੇ ਬੇਟੇ ਫ਼ਰਹਾਨ ਆਜ਼ਮੀ ਨਾਲ ਵਿਆਹ ਕਰਵਾ ਲਿਆ ਸੀ, ਅਤੇ ਆਪਣੇ ਵਿਆਹ ਤੋਂ ਬਾਅਦ ਉਸ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ। 2013 ‘ਚ ਉਸ ਨੇ ਬੇਟੇ ਮਿਕਾਇਲ ਨੂੰ ਜਨਮ ਦਿੱਤਾ। ਆਇਸ਼ਾ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਹੈ। ਉਹ ਅਕਸਰ ਇਨਸਟਾਗ੍ਰੈਮ ‘ਤੇ ਆਪਣੀਆਂ ਤਸਵੀਰਾਂ ‘ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ।