ਬੌਲੀਵੁੱਡ ਅਦਾਕਾਰਾ ਕੈਟਰੀਨਾ ਕੈਫ਼ ਨੇ ਵੀ ਕੋਰੋਨਾਵਾਇਰਸ ਨੂੰ ਮਾਤ ਦੇ ਦਿੱਤੀ ਹੈ। ਕੋਵਿਡ ਰਿਪੋਰਟ ਨੈਗੇਟਿਵ ਆਉਣ ਬਾਰੇ ਕੈਟਰੀਨਾ ਨੇ ਖ਼ਦ ਸੋਸ਼ਲ ਮੀਡੀਆ ‘ਤੇ ਦੱਸਿਆ। ਕੈਟਰੀਨਾ ਨੇ ਪੋਸਟ ਸਾਂਝੀ ਕਰ ਕੇ ਲਿਖਿਆ, ”ਨੈਗੇਟਿਵ, ਜਿਨ੍ਹਾਂ ਨੇ ਮੇਰਾ ਧਿਆਨ ਰੱਖਿਆ ਉਨ੍ਹਾਂ ਦਾ ਧੰਨਵਾਦ।” 6 ਅਪ੍ਰੈਲ ਨੂੰ ਕੈਟਰੀਨਾ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਹੋਣ ਦੀ ਖ਼ਬਰ ਸਾਹਮਣੇ ਆਈ ਸੀ ਅਤੇ ਤਕਰੀਬਨ 12 ਦਿਨ ਬਾਅਦ ਉਹ ਪੂਰੀ ਤਰ੍ਹਾਂ ਠੀਕ ਹੋ ਗਈ ਸੀ।
ਕੋਰੋਨਾ ਦੀ ਦੂਸਰੀ ਲਹਿਰ ਨੇ ਬੌਲੀਵੁਡ ਦੇ ਕਈ ਸਿਤਾਰਿਆਂ ਨੂੰ ਵੀ ਆਪਣੀ ਚਪੇਟ ‘ਚ ਲੈ ਲਿਆ ਹੈ। ਬੀਤੇ ਦਿਨ੍ਹੀ ਕੋਰੋਨਾ ‘ਚ ਜ਼ਰੂਰਤਮੰਦਾਂ ਦੀ ਮਦਦ ਕਰਨ ਵਾਲੇ ਅਦਾਕਾਰ ਸੋਨੂੰ ਸੂਦ ਵੀ ਇਸ ਦੇ ਸ਼ਿਕਾਰ ਹੋ ਗਏ। ਮਾਰਚ ਦੇ ਮਹੀਨੇ ਤੋਂ ਬਾਅਦ ਕਈ ਕਲਾਕਾਰਾਂ ਨੂੰ ਕੋਰੋਨਾ ਹੋ ਗਿਆ ਹੈ।
ਰਣਬੀਰ ਕਪੂਰ, ਸੰਜੇ ਲੀਲਾ ਭੰਸਾਲੀ, ਆਲੀਆ ਭੱਟ, ਗੋਵਿੰਦਾ, ਕਾਰਤਿਕ ਆਰੀਅਨ, ਵਿਕੀ ਕੌਸਲ, ਭੂਮੀ ਪੇਡੇਨੇਕਰ, ਸਿਧਾਂਤ ਚਤੁਰਵੇਦੀ ਅਤੇ ਮਨੋਜ ਬਾਜਪਾਈ ਤੋਂ ਬਾਅਦ ਹੁਣ ਕੈਟਰੀਨਾ ਕੈਫ਼ ਦਾ ਵੀ ਨਾਂ ਇਸ ਲਿਸਟ ‘ਚ ਸ਼ਾਮਿਲ ਹੋ ਚੁੱਕਾ ਹੈ। ਕੋਰੋਨਾ ਦਾ ਅਸਰ ਫ਼ਿਲਮਾਂ ‘ਤੇ ਵੀ ਸ਼ੁਰੂ ਹੋ ਗਿਆ ਹੈ। ਹਾਲ ਹੀ ‘ਚ ਕਈ ਪੰਜਾਬੀ ਅਤੇ ਬੌਲੀਵੁਡ ਫ਼ਿਲਮਾਂ ਨੂੰ ਕੋਰੋਨਾ ਦੇ ਵੱਧ ਰਹੇ ਕੇਸਾਂ ਕਾਰਨ ਮੁਲਤਵੀ ਕੀਤਾ ਗਿਆ ਹੈ।
ਕੋਰੋਨਾ ਦੇ ਮਾਮਲਿਆਂ ‘ਚ ਹਰ ਦਿਨ ਪੁਰਾਣਾ ਰਿਕਾਰਡ ਟੁੱਟ ਰਿਹਾ ਹੈ। ਦੇਸ ‘ਚ ਹਰ ਦਿਨ ਕੋਰੋਨਾ ਦੇ ਨਵੇਂ ਮਾਮਲੇ ਰਿਕਾਰਡ ਪੱਧਰ ‘ਤੇ ਆ ਰਹੇ ਹਨ ਅਤੇ ਸਭ ਤੋਂ ਵੱਧ ਮੌਤਾਂ ਹੋ ਰਹੀਆਂ ਹਨ। ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਅਨੁਸਾਰ ਪਿਛਲੇ 24 ਘੰਟਿਆਂ ‘ਚ 2 ਲੱਖ 61 ਹਜ਼ਾਰ 500 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ 1,501 ਸੰਕਰਮਿਤ ਲੋਕਾਂ ਨੇ ਆਪਣੀਆਂ ਜਾਨਾਂ ਗੁਆਈ ਹਨ। ਹਾਲਾਂਕਿ, 138,423 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ ਸੁੱਕਰਵਾਰ ਨੂੰ 234,692 ਨਵੇਂ ਕੇਸ ਆਏ ਸਨ। ਕੋਰੋਨਾ ਦੀ ਪਹਿਲੀ ਲਹਿਰ ‘ਚ 15 ਸਤੰਬਰ ਨੂੰ ਸਭ ਤੋਂ ਵੱਧ 1,290 ਮੌਤਾਂ ਹੋਈਆਂ।

ਵੈਕਸੀਨ ਲਗਵਾਉਣ ਤੋਂ ਬਾਅਦ ਵੀ ਕੋਰੋਨਾ ਪੌਜ਼ੇਟਿਵ ਹੋਏ ਆਮਿਰ ਖ਼ਾਨ ਅਤੇ ਅਕਸ਼ੇ ਕੁਮਾਰ
ਜਿਵੇਂ-ਜਿਵੇਂ ਦੇਸ਼ ਭਰ ‘ਚ ਕੋਰੋਨਾ ਵਾਇਰਸ ਦਾ ਟੀਕਾ ਲਗਵਾਉਣ ਵਾਲੇ ਲੋਕਾਂ ਦੀ ਗਿਣਤੀ ‘ਚ ਵਾਧਾ ਹੁੰਦਾ ਜਾ ਰਿਹਾ ਹੈ, ਉਵੇਂ-ਉਵੇਂ ਕੋਰੋਨਾ ਦੀ ਵੈਕਸੀਨ ਲਗਵਾਉਣ ਵਾਲੇ ਬੌਲੀਵੁਡ ਸਿਤਾਰਿਆਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ ਪਰ ਇਸ ਦੇ ਨਾਲ-ਨਾਲ ਵੈਕਸੀਨ ਲੈਣ ਤੋਂ ਬਾਅਦ ਕੋਰੋਨਾ ਪੌਜ਼ੇਟਿਵ ਹੋਣ ਵਾਲੇ ਸਿਤਾਰਿਆਂ ਦੀ ਗਿਣਤੀ ‘ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ।

ਪਿਛਲੇ ਮਹੀਨੇ ਆਮਿਰ ਖ਼ਾਨ ਦੇ ਕੋਰੋਨਾ ਪੌਜ਼ੇਟਿਵ ਹੋਣ ਦੀ ਖ਼ਬਰ ਆਈ ਸੀ, ਪਰ ਸ਼ਾਇਦ ਹੀ ਕਿਸੇ ਨੂੰ ਇਸ ਗੱਲ ਦੀ ਜਾਣਕਾਰੀ ਹੋਵੇਗੀ ਕਿ ਆਮਿਰ ਖ਼ਾਨ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਵਾਉਣ ਤੋਂ ਬਾਅਦ ਕੋਰੋਨਾ ਪੌਜ਼ੇਟਿਵ ਹੋਏ ਸਨ। ਇਸੇ ਤਰ੍ਹਾਂ ਅਕਸ਼ੇ ਕੁਮਾਰ ਨੇ ਵੀ ਕੋਰੋਨਾ ਦੀ ਪਹਿਲੀ ਡੋਜ਼ ਲੈ ਲਈ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਕੋਰੋਨਾ ਪੌਜ਼ੇਟਿਵ ਹੋਣ ਦੀ ਖ਼ਬਰ ਸਾਹਮਣੇ ਆਈ ਸੀ।
ਆਮਿਰ ਖ਼ਾਨ ਵਾਂਗ ਹੀ ਅਕਸ਼ੇ ਕੁਮਾਰ ਨੇ ਵੀ ਕੋਰੋਨਾ ਵੈਕਸੀਨ ਲਗਵਾਉਣ ਦੀ ਗੱਲ ਨੂੰ ਜਨਤਕ ਨਹੀਂ ਸੀ ਕੀਤਾ, ਇਸ ਲਈ ਲੋਕਾਂ ਨੂੰ ਦੋਵਾਂ ਦੇ ਟੀਕਾ ਲਗਵਾਉਣ ਦੀ ਜਾਣਕਾਰੀ ਨਹੀਂ। ਹਾਲਾਂਕਿ ਦੋਹਾਂ ਨੇ ਵੈਕਸੀਨ ਲਗਵਾਉਣ ਦੀ ਗੱਲ ਦੱਸੇ ਬਿਨਾਂ ਕੋਰੋਨਾ ਪੌਜ਼ੇਟਿਵ ਹੋਣ ਦੀ ਜਾਣਕਾਰੀ ਜ਼ਰੂਰ ਦਿੱਤੀ ਸੀ।
ਸੂਤਰਾਂ ਮੁਤਾਬਿਕ ਆਮਿਰ ਖ਼ਾਨ ਅਤੇ ਅਕਸ਼ੇ ਕੁਮਾਰ ਦੋਹਾਂ ਦੇ ਕੋਰੋਨਾ ਵੈਕਸੀਨ ਲਗਵਾਉਣ ਦੀ ਖ਼ਬਰ ਪੱਕੀ ਹੈ ਅਤੇ ਉਸ ਤੋਂ ਬਾਅਦ ਦੋਵਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਸੀ। ਬੌਲੀਵੁਡ ‘ਚ ਇਸ ਤਰ੍ਹਾਂ ਦੇ ਹੋਰ ਵੀ ਮਾਮਲੇ ਸਾਹਮਣੇ ਆ ਰਹੇ ਹਨ। ਦੱਸਣਯੋਗ ਹੈ ਕਿ ਘਰ ‘ਚ ਇਕਾਂਤਵਾਸ ਰਹੇ ਆਮਿਰ ਖ਼ਾਨ ਅਤੇ ਹਸਪਤਾਲ ‘ਚ ਇੱਕ ਹਫ਼ਤੇ ਤਕ ਦਾਖਲ ਰਹੇ ਅਕਸ਼ੇ ਕੁਮਾਰ ਦੋਹੇਂ ਹੁਣ ਪੂਰੀ ਤਰ੍ਹਾਂ ਨਾਲ ਠੀਕ ਹੋ ਚੁੱਕੇ ਹਨ ਅਤੇ ਇਲਾਜ ਕਰਵਾਉਣ ਤੋਂ ਬਾਅਦ ਅਕਸ਼ੇ ਕੁਮਾਰ ਇਸੇ ਹਫ਼ਤੇ ਹਸਪਤਾਲ ਤੋਂ ਘਰ ਪਰਤੇ ਹਨ।