ਲੁਧਿਆਣਾ : ਕੋਰੋਨਾ ਤੋਂ ਬਚਾਅ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਨੂੰ ਲੈ ਕੇ ਪੰਜਾਬ ਅਤੇ ਕੇਂਦਰ ਦੇ ਵਿਚਾਲੇ ਖਿੱਚੋਤਾਣ ਤੇਜ਼ੀ ਨਾਲ ਵਧ ਰਹੀ ਹੈ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਪੰਜਾਬ ’ਚ ਵੈਕਸੀਨ ਭੇਜਣ ਲਈ ਹਰਿਆਣਾ ਦੀ ਤਰਜ ’ਤੇ ਸ਼ੈਡਿਊਲ ਨਾ ਬਣਾਉਣ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਪੱਖਪਾਤ ਕਰਨ ਦਾ ਦੋਸ਼ ਲਾਇਆ ਹੈ । ਉਨ੍ਹਾਂ ਕਿਹਾ ਕਿ ਕੋਰੋਨਾ ਪ੍ਰਭਾਵਿਤ 5 ਰਾਜਾਂ ਵਿਚ ਪੰਜਾਬ ਦਾ ਨਾਮ ਮੁੱਖ ਤੌਰ ’ਤੇ ਸ਼ਾਮਲ ਹੈ, ਜਿਸਦੇ ਮੱਦੇਨਜਰ ਟੀਕਾਕਰਨ ਮੁਹਿੰਮ ਨੂੰ ਪੂਰੀ ਤੇਜ਼ੀ ਨਾਲ ਚਲਾਇਆ ਜਾ ਰਿਹਾ ਹੈ । ਇਸ ਕੜੀ ਵਿੱਚ 3,000 ਕੈਂਪ ਲਾਉਣ ਦਾ ਇਨਫ੍ਰਾਸਟਰਕਚਰ ਤਿਆਰ ਕੀਤਾ ਗਿਆ ਹੈ। ਉਸ ਦੇ ਆਧਾਰ ’ਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਰੋਜ਼ਾਨਾ 3 ਲੱਖ ਡੋਜ਼ ਲਾਉਣ ਦਾ ਟੀਚਾ ਰੱਖਿਆ ਗਿਆ ਹੈ ਪਰ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨਾਲ ਮੀਟਿੰਗ ’ਚ ਮੁੱਦਾ ਉਠਾਉਣ ਦੌਰਾਨ 15 ਲੱਖ ਡੋਜ਼ ਦਾ ਸਟਾਕ ਦੇਣ ਦੀ ਡਿਮਾਂਡ ਦੇ ਬਾਵਜੂਦ ਲੋੜੀਂਦੀ ਮਾਤਰਾ ਵਿੱਚ ਵੈਕਸੀਨ ਦੀ ਸਪਲਾਈ ਨਹੀਂ ਦਿੱਤੀ ਜਾ ਰਹੀ ਹੈ । ਸਿਹਤ ਮੰਤਰੀ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਲਈ ਬੈੱਡ ਜਾਂ ਵੈਂਟੀਲੇਟਰਸ ਦੀ ਕੋਈ ਕਮੀ ਨਹੀਂ ਹੈ । ਇਸੇ ਤਰ੍ਹਾਂ ਆਕਸੀਜਨ ਦੇ ਹਾਲਾਤ ਵੀ ਇੱਕੋ ਜਿਹੇ ਹਨ ਅਤੇ ਜੇਕਰ ਆਉਣ ਵਾਲੇ ਦਿਨਾਂ ਵਿਚ ਕੋਈ ਮੁਸ਼ਕਿਲ ਹੁੰਦੀ ਹੈ ਤਾਂ ਉਸ ਦੇ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੋਵੇਗੀ, ਕਿਉਂਕਿ ਉਸ ਵਲੋਂ ਪਟਿਆਲਾ ਅਤੇ ਅੰਮ੍ਰਿਤਸਰ ਵਿਚ 2 ਨਵੇਂ ਪਲਾਂਟ ਲਾਉਣ ਦੀ ਡਿਊਟੀ ਨਹੀਂ ਨਿਭਾਈ ਗਈ।
ਟੀਕਾ ਬਣਾਉਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸ.ਆਈ.ਆਈ.) ਨੇ ਕਿਹਾ ਕਿ ਕੋਵਿਡ-19 ਟੀਕਾ ਕੋਵੀਸ਼ੀਲਡ ਦੀ ਕੀਮਤ ਸੂਬਾਈ ਸਰਕਾਰਾਂ ਲਈ 400 ਰੁਪਏ ਪ੍ਰਤੀ ਖੁਰਾਕ ਅਤੇ ਪ੍ਰਾਈਵੇਟ ਹਸਪਤਾਲਾਂ ਲਈ 600 ਰੁਪਏ ਪ੍ਰਤੀ ਖੁਰਾਕ ਹੋਵੇਗੀ। ਕੰਪਨੀ ਨੇ ਇਹ ਵੀ ਕਿਹਾ ਕਿ ਉਹ ਅਗਲੇ ਦੋ ਮਹੀਨਿਆਂ ’ਚ ਟੀਕਿਆਂ ਦਾ ਉਤਪਾਦਨ ਵਧਾ ਕੇ ਸੀਮਿਤ ਸਮਰੱਥਾ ਦੇ ਮੁੱਦੇ ਦਾ ਹੱਲ ਕਰੇਗੀ। 4-5 ਮਹੀਨਿਆਂ ਬਾਅਦ ਟੀਕਾ ਹੋਰ ਵੀ ਵਧੇਰੇ ਮੁਕਤ ਰੂਪ ’ਚ ਉਪਲਬਧ ਹੋਵੇਗਾ। ਸੀਰਮ ਇੰਸਟੀਚਿਊਟ ਨੇ ਇਕ ਬਿਆਨ ’ਚ ਕਿਹਾ ਕਿ ਸਾਡੀ ਸਮਰੱਥਾ ਦਾ 50 ਫੀਸਦੀ ਭਾਰਤ ਸਰਕਾਰ ਦੇ ਟੀਕਾਕਰਨ ਪ੍ਰੋਗਰਾਮ ਲਈ ਅਤੇ ਬਾਕੀ 50 ਫੀਸਦੀ ਸੂਬਾਈ ਸਰਕਾਰਾਂ ਅਤੇ ਪ੍ਰਾਈਵੇਟ ਹਸਪਤਾਲਾਂ ਲਈ ਹੋਵੇਗਾ। ਕੌਮਾਂਤਰੀ ਪੱਧਰ ’ਤੇ ਟੀਕੇ ਦੀ ਕੀਮਤ ਨੂੰ ਦੇਖਦੇ ਹੋਏ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਸਾਡਾ ਟੀਕਾ ਦੁਨੀਆ ਦੀਆਂ ਹੋਰਨਾਂ ਕੰਪਨੀਆਂ ਦੇ ਟੀਕਿਆਂ ਦੇ ਮੁਕਾਬਲੇ ਸਸਤਾ ਹੋਵੇ। ਸੀਰਮ ਨੇ ਕਿਹਾ ਕਿ ਅਮਰੀਕੀ ਟੀਕੇ ਦੀ ਕੀਮਤ 1500 ਰੁਪਏ ਪ੍ਰਤੀ ਖੁਰਾਕ ਹੈ ਜਦੋਂ ਕਿ ਰੂਸ ਅਤੇ ਚੀਨ ’ਚ ਟੀਕੇ ਦੀ ਕੀਮਤ 750 ਰੁਪਏ ਪ੍ਰਤੀ ਖੁਰਾਕ ਤੋਂ ਵੀ ਵੱਧ ਹੈ। ਕੰਪਨੀ ਨੇ ਕਿਹਾ ਕਿ ਮੌਜੂਦਾ ਹਾਲਾਤ ਵਿਚ ਇਸ ਦੀ ਸਪਲਾਈ ਨਿਰਪੱਖ ਢੰਗ ਨਾਲ ਹਰ ਕਾਰਪੋਰੇਟ ਇਕਾਈ ਲਈ ਕਰਨੀ ਇਕ ਚੁਨੌਤੀ ਭਰਿਆ ਕੰਮ ਹੈ। ਅਸੀਂ ਸਭ ਪ੍ਰਾਈਵੇਟ ਕੰਪਨੀਆਂ ਅਤੇ ਆਮ ਲੋਕਾਂ ਨੂੰ ਬੇਨਤੀ ਕਰਾਂਗੇ ਕਿ ਉਹ ਟੀਕੇ ਨੂੰ ਸੂਬਾਈ ਮਸ਼ੀਨਰੀ ਅਤੇ ਨਿੱਜੀ ਸਿਹਤ ਪ੍ਰਣਾਲੀ ਕੋਲੋਂ ਹੀ ਲੈਣ। ਇਸ ਦੌਰਾਨ ਪ੍ਰਾਈਵੇਟ ਕੋਵਿਡ-19 ਟੀਕਾਕਰਨ ਕੇਂਦਰਾਂ ਨੂੰ 1 ਮਈ ਤੋਂ ਸਰਕਾਰ ਕੋਲੋਂ ਟੀਕੇ ਨਹੀਂ ਮਿਲਣਗੇ। ਉਨ੍ਹਾਂ ਨੂੰ ਇਹ ਟੀਕੇ ਹੁਣ ਖੁਦ ਕੰਪਨੀਆਂ ਕੋਲੋਂ ਸਿੱਧੇ ਹੀ ਖਰੀਦਣੇ ਪੈਣਗੇ। ਇਸ ਸਮੇਂ ਚੱਲ ਰਹੀ ਵਿਵਸਥਾ ਤੋਂ ਉਕਤ ਕੇਂਦਰਾਂ ਨੂੰ ਟੀਕੇ ਸਰਕਾਰ ਕੋਲੋਂ ਹੀ ਮਿਲਦੇ ਹਨ। ਇਸ ਸਮੇਂ ਪ੍ਰਤੀ ਟੀਕਾ ਕੀਮਤ 250 ਰੁਪਏ ਹੈ। ਸਪਸ਼ਟ ਹੈ ਕਿ ਹੁਣ ਇਨ੍ਹਾਂ ਕੇਂਦਰਾਂ ਨੂੰ ਜਦੋਂ 600 ਰੁਪਏ ਵਿਚ ਇਕ ਟੀਕਾ ਮਿਲੇਗਾ ਤਾਂ ਉਹ ਉਸ ਨੂੰ ਕਿੰਨੇ ਦਾ ਲਾਉਣਗੀਆਂ, ਇਹ ਅਜੇ ਤੈਅ ਹੋਣਾ ਬਾਕੀ ਹੈ।