ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸਰਕਾਰ ਦੀ ਕੋਰੋਨਾ ਟੀਕੇ ਸੰਬੰਧੀ ਰਣਨੀਤੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਯਾਨੀ ਵੀਰਵਾਰ ਨੂੰ ਚਿੱਠੀ ਲਿਖੀ। ਉਨ੍ਹਾਂ ਨੇ ਚਿੱਠੀ ਲਿਖ ਕੇ ਕਿਹਾ ਕਿ ਲਾਗ਼ ਵਿਚਾਲੇ ਟੀਕੇ ਦੀ ਕੀਮਤ ‘ਚ ਮਨਮਾਨੀ ਗਲਤ ਹੈ ਅਤੇ ਨਰਿੰਦਰ ਮੋਦੀ ਨੂੰ ਇਸ ਮਾਮਲੇ ‘ਚ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਚਿੰਤਾ ਜ਼ਾਹਰ ਕੀਤੀ ਕਿ ਕੋਰੋਨਾ ਟੀਕਾਕਰਨ ਨੂੰ ਲੈ ਕੇ ਸਰਕਾਰ ਦੀਆਂ ਨੀਤੀਆਂ ਕਾਰਨ ਟੀਕਾ ਨਿਰਮਾਤਾ ਕੰਪਨੀ ਇਸ ਦੀ ਕੀਮਤ ਨੂੰ ਲੈ ਕੇ ਮਨਮਾਨੀ ‘ਤੇ ਉਤਰ ਆਈ ਹੈ।
ਕਾਂਗਰਸ ਸੰਸਦੀ ਦਲ ਦੀ ਨੇਤਾ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ‘ਚ ਕਿਹਾ ਕਿ ਟੀਕਾ ਨਿਰਮਾਤਾ ਕੰਪਨੀ ਸੀਰਮ ਇੰਸਟੀਚਿਊਟ ਨੇ ਅੱਜ ਹੀ ਟੀਕੇ ਦੀ ਜੋ ਕੀਮਤ ਐਲਾਨ ਕੀਤੀ ਹੈ, ਉਸ ਅਨੁਸਾਰ ਕੇਂਦਰ ਸਰਕਾਰ ਨੂੰ ਇਹ ਟੀਕਾ 150 ਰੁਪਏ ‘ਚ, ਸੂਬਾ ਸਰਕਾਰਾਂ ਨੂੰ 400 ਰੁਪਏ ‘ਚ ਅਤੇ ਨਿੱਜੀ ਹਸਪਤਾਲਾਂ ਨੂੰ 600 ਰੁਪਏ ‘ਚ ਵੇਚਿਆ ਜਾਵੇਗਾ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਦੇਸ਼ ‘ਚ ਜਦੋਂ ਕੋਰੋਨਾ ਦੀ ਦੂਜੀ ਲਹਿਰ ਸਿਖ਼ਰ ‘ਤੇ ਹੈ ਤਾਂ ਸਰਕਾਰ ਨੂੰ ਇਸ ਤਰ੍ਹਾਂ ਦੀ ਮਨਮਾਨੀ ਨਹੀਂ ਹੋਣ ਦੇਣੀ ਚਾਹੀਦੀ।
ਸੋਨੀਆ ਗਾਂਧੀ ਨੇ ਅੱਗੇ ਕਿਹਾ ਕਿ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਉਨ੍ਹਾਂ ਦੀ ਆਰਥਿਕ ਸਥਿਤੀ ਜਾਂ ਹੋਰ ਪੱਧਰ ਦਾ ਆਕਲਨ ਕੀਤੇ ਬਿਨਾਂ ਸਮਾਨ ਰੂਪ ਨਾਲ ਸਾਰਿਆਂ ਦੇ ਟੀਕਾਕਰਨ ਦੀ ਵਿਵਸਥਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਸ ਤਰ੍ਹਾਂ ਦੀ ਮਨਮਾਨੀ ‘ਤੇ ਰੋਕ ਲਗਾਉਣ ਲਈ ਅੱਗੇ ਆ ਕੇ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ ਤਾਂ ਕਿ ਦੇਸ਼ ਦੇ ਸਾਰੇ ਲੋਕਾਂ ਨੂੰ ਸਮਾਨ ਮੁੱਲ ‘ਤੇ ਕੋਰੋਨਾ ਦਾ ਟੀਕਾ ਉਪਲੱਬਧ ਹੋ ਸਕੇ।