ਜਲੰਧਰ – ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ‘ਤੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦਿਆਂ ਕਿਹਾ ਕਿ ਬਾਦਲਾਂ ਨੂੰ ਬਚਾਉਣ ਵਿੱਚ ਕੈਪਟਨ ਦਾ ਹੱਥ ਹੈ।ਦਾਦੂਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ 2017 ’ਚ ਸਰਕਾਰ ਬਣਾਉਣ ਤੋਂ ਪਹਿਲਾਂ ਕਿਹਾ ਸੀ ਕਿ ਬੇਅਦਬੀ ਮਾਮਲੇ ਦੀਆਂ ਪੈੜ੍ਹਾਂ ਬਾਦਲਾਂ ਦੇ ਘਰਾਂ ਤੱਕ ਜਾਂਦੀਆਂ ਹਨ ਪਰ ਸਰਕਾਰ ਬਣਨ ਤੋਂ ਬਾਅਦ ਕੈਪਟਨ ਨੇ ਆਪਣਾ ਸਾਰਾ ਜ਼ੋਰ ਬਾਦਲਾਂ ਨੂੰ ਬਚਾਉਣ ’ਚ ਲਗਾ ਦਿੱਤਾ, ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਇਹ ਸਾਨੂੰ ਇਨਸਾਫ਼ ਦਿਵਾਉਣਾ ਹੀ ਨਹੀਂ ਚਾਹੁੰਦੇ।
ਕੈਪਟਨ ਅਮਰਿੰਦਰ ਅਤੇ ਬਾਦਲਾਂ ’ਚ ਬੇਅਦਬੀ ਮਾਮਲੇ ਨੂੰ ਲੈ ਕੇ ਚੱਲ ਰਹੀ ਮੈਚ ਫਿਕਸਿੰਗ
ਬਲਜੀਤ ਸਿੰਘ ਦਾਦੂਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਅਤੇ ਬਾਦਲਾਂ ’ਚ ਬੇਅਦਬੀ ਮਾਮਲੇ ਨੂੰ ਲੈ ਕੇ ਚੱਲ ਰਹੀ ਮੈਚ ਫਿਕਸਿੰਗ ਦੀ ਗੱਲ ਕਹੀ। ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਬਾਦਲ ਅਤੇ ਕੈਪਟਨ ਆਪਸ ’ਚ ਰਲੇ ਹੋਏ ਹਨ। ਬਾਦਲ ਅਤੇ ਕੈਪਟਨ ’ਚ ਆਪਸੀ ਸਮਝੌਤਾ ਚੱਲ ਰਿਹਾ ਹੈ, ਜਿਸ ਅਨੁਸਾਰ ਜਦੋਂ ਬਾਦਲਾਂ ਦਾ ਰਾਜ ਹੋਵੇਗਾ ਤਾਂ ਕੈਪਟਨ ਨੂੰ ਕੁਝ ਨਹੀਂ ਕਿਹਾ ਜਾਵੇਗਾ ਅਤੇ ਜਦੋਂ ਕੈਪਟਨ ਦਾ ਰਾਜ ਹੋਵੇਗਾ, ਉਦੋਂ ਬਾਦਲਾਂ ਨੂੰ ਕੁਝ ਨਹੀਂ ਕਹਿਣਾ। ਇਸ ਕਰਕੇ ਹੁਣ ਪੰਥ ਦੇ ਲੋਕਾਂ ਨੂੰ ਇਹ ਗੱਲ ਸੋਚਣੀ ਪਵੇਗੀ ਕਿ ਉਨ੍ਹਾਂ ਨੇ ਪੰਜਾਬ ਨੂੰ ਕਿਵੇਂ ਬਚਾਉਣਾ ਹੈ ਅਤੇ ਬੇਅਦਬੀ ਮਾਮਲੇ ’ਚ ਇਨਸਾਫ਼ ਕਿਵੇਂ ਲੈਣਾ ਹੈ। ਦਾਦੂਵਾਲ ਨੇ ਕਿਹਾ ਕਿ ਲੋਕਾਂ ਨੂੰ ਹੁਣ ਆਪ ਇਨਸਾਫ਼ ਵਾਲੀ ਕੁਰਸੀ ’ਤੇ ਬੈਠਣਾ ਪਵੇਗਾ ਕਿਉਂਕਿ ਇਸ ਮਾਮਲੇ ਦਾ ਇਨਸਾਫ਼ ਨਾ ਬਾਦਲਾਂ ਨੇ ਕੀਤਾ ਅਤੇ ਨਾ ਹੀ ਹੁਣ ਕੈਪਟਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ।
ਦਾਦੂਵਾਲ ਨੇ ਦਿੱਤੀ ਮੁੜ ਤੋਂ ਮੋਰਚਾ ਲਾਉਣ ਦੀ ਚਿਤਾਵਨੀ
ਦਾਦੂਵਾਲ ਨੇ ਅੱਗੇ ਬੋਲਦਿਆਂ ਕਿਹਾ ਕਿ ਅਸੀਂ ਬੇਅਦਬੀ ਕਰਨ ਵਾਲੇ ਲੋਕਾਂ ਨਾਲ ਕਦੇ ਨਹੀਂ ਰਲੇ, ਸਗੋਂ ਅਸੀਂ ਬੇਅਦਬੀ ਦਾ ਇਨਸਾਫ਼ ਬਾਦਲ ਅਤੇ ਕੈਪਟਨ ਦੋਵਾਂ ਤੋਂ ਮੰਗਿਆ ਹੈ। ਬੇਅਦਬੀ ਮਾਮਲੇ ’ਤੇ ਰੋਸ ਪ੍ਰਗਟ ਕਰਨ ਦੇ ਬਾਰੇ ਬੋਲਦੇ ਹੋਏ ਦਾਦੂਵਾਲ ਨੇ ਕਿਹਾ ਕਿ ਉਨ੍ਹਾਂ ਨੇ ਕੈਪਟਨ ਸਰਕਾਰ ਦੇ ਸਮੇਂ ਵੀ ਵਿਰੋਧ ਕਰਨਾ ਸ਼ੁਰੂ ਕੀਤਾ ਹੈ। ਬਾਦਲਾਂ ਦੀ ਸਰਕਾਰ ਦੇ ਸਮੇਂ ਜਦੋਂ ਉਹ ਪ੍ਰਦਰਸ਼ਨ ਕਰਦੇ ਸਨ ਤਾਂ ਬਾਦਲ ਉਨ੍ਹਾਂ ਨੂੰ ਚੁੱਕ ਕੇ ਜੇਲ੍ਹ ’ਚ ਬੰਦ ਕਰ ਦਿੰਦੇ। ਅਸੀਂ 4-5 ਮਹੀਨੇ ਜੇਲ੍ਹਾਂ ’ਚ ਰਹਿੰਦੇ ਰਹੇ। ਜੇਲ੍ਹ ’ਚੋਂ ਬਾਹਰ ਆਉਣ ’ਤੇ ਬਾਦਲ ਉਨ੍ਹਾਂ ’ਤੇ ਮੁੜ ਕੋਈ ਹੋਰ ਕੇਸ ਦਰਜ ਕਰਕੇ ਵਾਪਸ ਜੇਲ੍ਹ ਭੇਜ ਦਿੰਦੇ। ਬਲਜੀਤ ਸਿੰਘ ਦਾਦੂਵਾਲ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਬੇਅਦਬੀ ਮਾਮਲੇ ‘ਚ ਇਨਸਾਫ਼ ਦੇ ਲਈ ਅਸੀਂ ਮੁੜ ਤੋਂ ਮੋਰਚਾ ਲਗਾ ਸਕਦੇ ਹਾਂ।