ਬੌਲੀਵੁਡ ਅਦਾਕਾਰਾ ਰੀਆ ਚੱਕਰਵਰਤੀ ਨੇ ਕੋਵਿਡ-19 ਦੀ ਦੂਜੀ ਲਹਿਰ ਤੋਂ ਨਿਪਟਣ ਲਈ ਲੋਕਾਂ ਦੀ ਮਦਦ ਕਰਨ ਲਈ ਹੱਥ ਅੱਗੇ ਵਧਾਇਆ ਹੈ। ਹਰ ਦਿਨ ਲੱਖਾਂ ਮਾਮਲਿਆਂ ਦੇ ਨਾਲ ਦੇਸ਼ ਵੱਡੇ ਪੈਮਾਨੇ ‘ਤੇ ਸਿਹਤ ਸੇਵਾਵਾਂ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਹਸਪਤਾਲਾਂ ‘ਚ ਬੈੱਡਜ਼, ਔਕਸੀਜਨ ਸਿਲੰਡਰਾਂ ਅਤੇ ਦਵਾਈਆਂ ਦੀ ਘਾਟ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਸ ਨੂੰ ਦੇਖਦਿਆਂ ਰੀਆ ਕਾਫ਼ੀ ਭਾਵੁਕ ਹੋਈ।
ਰੀਆ ਨੇ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਨੂੰ ਦੇਖ ਕੇ ਅਸੀਂ ਸੋਚਿਆ ਕਿ ਇਹ ਖ਼ਬਰ ਤੁਹਾਡੇ ਤਕ ਅਸੀਂ ਪਹੁੰਚਾਈਏ। ਰੀਆ ਚੱਕਰਵਰਤੀ ਦਾ ਇਹ ਪੋਸਟ ਸੋਸ਼ਲ ਮੀਡੀਆ ‘ਤੇ ਕਾਫ਼ੀ ਪੜ੍ਹਿਆ ਜਾ ਰਿਹਾ ਹੈ। ਰੀਆ ਨੇ ਆਪਣੇ ਇਨਸਟਾਗ੍ਰੈਮ ਐਕਾਊਂਟ ਦੀ ”ਸਟੋਰੀ ਸਾਂਝੀ ਕੀਤੀ ਹੈ ਅਤੇ ਲਿਖਿਆ ਹੈ, ‘ਮੁਸ਼ਕਿਲ ਸਮੇਂ ‘ਚ ਇੱਕਜੁੱਟ ਹੋਣ ਦੀ ਲੋੜ ਹੈ। ਉਨ੍ਹਾਂ ਸਭ ਦੀ ਮਦਦ ਕਰੋ ਜਿਨ੍ਹਾਂ ਦੀ ਕਰ ਸਕਦੇ ਹੋ, ਛੋਟੀ ਮਦਦ ਜਾਂ ਵੱਡੀ ਮਦਦ, ਮਦਦ ਤਾਂ ਮਦਦ ਹੁੰਦੀ ਹੈ … ਮੈਂ ਜੇਕਰ ਕਿਸੇ ਦੇ ਕੰਮ ਆ ਸਕਦੀ ਹਾਂ ਤਾਂ ਮੈਨੂੰ ਇੰਸਟਾ ‘ਤੇ ਡਾਇਰੈਕਟ ਮੈਸੇਜ ਕਰੋ। ਹਮਦਰਦ ਬਣੋ।”
ਰੀਆ ਨੇ ਪਿਛਲੇ ਸਾਲ ਜੂਨ ‘ਚ ਆਪਣੇ ਪ੍ਰੇਮੀ ਸੁਸਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਸੀ, ਪਰ ਇਸ ਸਾਲ ਉਹ ਸੋਸ਼ਲ ਮੀਡੀਆ ‘ਤੇ ਹੌਲੀ-ਹੌਲੀ ਸਰਗਰਮ ਦਿਖਾਈ ਦੇ ਰਹੀ ਹੈ। ਪਿਛਲੇ ਸਾਲ ਭਾਵ 2020 ‘ਚ ਸਤੰਬਰ ਮਹੀਨੇ ‘ਚ ਰੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਰੀਆ ਨੇ ਕਰੀਬ ਇੱਕ ਮਹੀਨਾ ਜੇਲ੍ਹ ‘ਚ ਬਿਤਾਇਆ ਅਤੇ ਬਾਅਦ ‘ਚ ਰੀਆ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਦੱਸ ਦੇਈਏ ਕਿ ਅਦਾਕਾਰਾ ਰੀਆ ਲੇਖਕ-ਨਿਰਦੇਸ਼ਕ ਰੂਮੀ ਜਾਫ਼ਰੀ ਦੀ ਆਉਣ ਵਾਲੀ ਫ਼ਲਿਮ ਚਿਹਰੇ ‘ਚ ਨਜ਼ਰ ਆਵੇਗੀ। ਇਸ ‘ਚ ਉਸ ਨਾਲ ਅਦਾਕਾਰ ਇਮਰਾਨ ਹਾਸ਼ਮੀ ਅਤੇ ਅਮਿਤਾਭ ਬੱਚਨ ਵੀ ਹੋਣਗੇ।