ਬੀ-ਟਾਊਨ ਇੰਡਸਟਰੀ ‘ਚ ਕੋਰੋਨਾ ਦਾ ਕਹਿਰ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ। ਹੁਣ ਤਕ ਕਈ ਸਿਤਾਰੇ ਇਸ ਖ਼ਤਰਨਾਕ ਵਾਇਰਸ ਦੀ ਚਪੇਟ ‘ਚ ਆ ਗਏ ਹਨ। ਉੱਧਰ ਹੁਣ ਅਦਾਕਾਰਾ ਨਵਾਬ ਸ਼ਾਹ ਵੀ ਕੋਰੋਨਾ ਦਾ ਸ਼ਿਕਾਰ ਹੋ ਗਿਐ। ਇਸ ਗੱਲ ਦੀ ਜਾਣਕਾਰੀ ਉਸ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ।
ਨਵਾਬ ਸ਼ਾਹ ਨੇ ਇਨਸਟਾਗ੍ਰੈਮ ‘ਤੇ ਆਪਣੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ”ਅੱਜ ਸਵੇਰੇ ਹੀ ਮੇਰੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਰਿਪੋਰਟ ਆਉਣ ਤੋਂ ਤੁਰੰਤ ਬਾਅਦ ਹੀ ਮੈਂ ਖ਼ੁਦ ਨੂੰ ਏਕਾਂਤਵਾਸ ‘ਚ ਕਰ ਲਿਆ ਹੈ। ਮੇਰੀ ਸਭ ਲੋਕਾਂ ਨੂੰ ਬੇਨਤੀ ਹੈ ਕਿ ਘਰ ‘ਚ ਹੀ ਰਹੋ ਅਤੇ ਖ਼ੁਦ ਨੂੰ ਸੁਰੱਖਿਅਤ ਰੱਖੋ।”
ਇਸ ਪੋਸਟ ‘ਤੇ ਉਸ ਦੀ ਪਤਨੀ ਅਤੇ ਅਦਾਕਾਰਾ ਪੂਜਾ ਬੱਤਰਾ ਨੇ ਕੌਮੈਂਟ ਕਰ ਕੇ ਪਤੀ ਦੀ ਸਿਹਤ ਲਈ ਚਿੰਤਾ ਜ਼ਾਹਿਰ ਕੀਤੀ ਹੈ। ਪੂਜਾ ਨੇ ਲਿਖਿਆ, ”ਤੁਹਾਡੇ ਲਈ ਪ੍ਰਾਥਨਾ ਕਰਾਂਗੀ ਕਿ ਤੁਸੀਂ ਜਲਦੀ ਠੀਕ ਹੋ ਜਾਓ।” ਇਸ ਤੋਂ ਇਲਾਵਾ ਪੂਜਾ ਨੇ ਇਮਸਟਾ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਪੋਸਟ ‘ਚ ਉਸ ਨੇ ਲਿਖਿਆ, ”ਮੇਰੇ ਪਤੀ ਨਵਾਬ ਸ਼ਾਹ ਦਾ ਕੋਰੋਨਾ ਟੈੱਸਟ ਪੌਜ਼ੇਟਿਵ ਆਇਆ ਹੈ। ਮੈਂ ਪ੍ਰਾਥਨਾ ਕਰਦੀ ਹਾਂ ਕਿ ਜੋ ਕੋਈ ਵੀ ਇਸ ਬੀਮਾਰੀ ਨਾਲ ਲੜ ਰਿਹਾ ਹੈ ਅਤੇ ਉਹ ਬਿਨਾਂ ਕਿਸੇ ਮੁਸੀਬਤ ਦੇ ਇਸ ਤੋਂ ਬਾਹਰ ਆ ਜਾਵੇ। ਘਰ ‘ਚ ਰਹੋ ਅਤੇ ਸੁਰੱਖਿਅਤ ਰਹੋ।”
ਦੱਸ ਦੇਈਏ ਕਿ ਸਾਲ 2019 ‘ਚ 4 ਜੁਲਾਈ ਨੂੰ ਪੂਜਾ ਨੇ ਅਦਾਕਾਰ ਨਵਾਬ ਸ਼ਾਹ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਕਰਵਾ ਲਿਆ ਸੀ। ਨਵਾਬ ਪੂਜਾ ਤੋਂ ਪੰਜ ਸਾਲ ਵੱਡਾ ਹੈ, ਅਤੇ ਉਸ ਦੀ ਉਮਰ 48 ਸਾਲ ਹੈ। ਪੂਜਾ ਬੱਤਰਾ ਨੇ ਸਾਲ 1993 ‘ਚ ਮਿਸ ਇੰਡੀਆ ਦਾ ਖ਼ਿਤਾਬ ਵੀ ਜਿੱਤਿਆ ਸੀ। ੳਸ ਨੇ ਸਾਲ 1997 ‘ਚ ਆਈ ਫ਼ਿਲਮ ਵਿਰਾਸਤ ਨਾਲ ਬਾਲੀਵੁੱਡ ‘ਚ ਡੈਬੀਊ ਕੀਤਾ ਸੀ। ਪੂਜਾ ਨੇ ਹਸੀਨਾ ਮਾਨ ਜਾਏਗੀ, ਭਾਈ, ਚੰਦਰਲੇਖਾ, ਕਹੀਂ ਪਿਆਰ ਨਾ ਹੋ ਜਾਏ ਵਰਗੀਆਂ ਸੁਪਰਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਪੂਜਾ ਇਨ੍ਹੀਂ ਦਿਨੀਂ ਐਕਟਿੰਗ ਦੀ ਦੁਨੀਆਂ ਛੱਡ ਕੇ ਸਮਾਜ ਸੇਵਾ ਕਰ ਰਹੀ ਹੈ। ਪੂਜਾ ਬੱਤਰਾ ਨੇ ਮੁਕਤੀ ਫ਼ਾਊਂਡੇਸ਼ਨ ਰਾਹੀਂ ਏਡਜ਼, ਬੇਘਰ ਬੱਚਿਆਂ, ਆਦਿ ਦੀ ਮਦਦ ਕੀਤੀ ਹੈ। ਉੱਧਰ ਨਵਾਬ ਵੀ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕਾ ਹੈ।