ਦੇਸ਼ ਇੱਕ ਵਾਰ ਫ਼ਿਰ ਕੋਰੋਨਾ ਵਰਗੀ ਗੰਭੀਰ ਬੀਮਾਰੀ ਨਾਲ ਜੂਝ ਰਿਹਾ ਹੈ। ਕੋਰੋਨਾ ਦੀ ਦੂਜੀ ਲਹਿਰ ਨਾਲ ਕਈ ਲੋਕ ਪ੍ਰਭਾਵਿਤ ਹੋਏ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਹਸਪਤਾਲਾਂ ‘ਚ ਬੈੱਡਜ਼, ਔਕਸੀਜਨ ਅਤੇ ਦਵਾਈਆਂ ਦੀ ਕਮੀ ਆ ਗਈ ਹੈ। ਦੇਸ਼ ਦੀ ਇਸ ਆਰਥਿਕ ਸੰਕਟ ਵਾਲੀ ਸਥਿਤੀ ‘ਚ ਹਰ ਕੋਈ ਮਦਦ ਲਈ ਅੱਗੇ ਆ ਰਿਹਾ ਹੈ।
ਅਜਿਹੇ ‘ਚ ਬੌਲੀਵੁਡ ਅਦਾਕਾਰ ਅਕਸ਼ੈ ਕੁਮਾਰ ਨੇ ਕੋਰੋਨਾ ਪੀੜਤਾਂ ਲਈ ਮਦਦ ਦਾ ਹੱਥ ਅੱਗੇ ਵਧਾਇਆ ਹੈ। ਹਾਲ ਹੀ ‘ਚ ਕ੍ਰਿਕਟਰ ਅਤੇ ਪੂਰਬੀ ਦਿੱਲੀ ਦੇ ਸਾਂਸਦ ਗੌਤਮ ਗੰਭੀਰ ਨੇ ਦੱਸਿਆ ਕਿ ਅਕਸ਼ੈ ਨੇ ਖਾਣੇ, ਦਵਾਈਆਂ ਅਤੇ ਔਕਸੀਜਨ ਲਈ ਇੱਕ ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਹੈ।
24 ਅਪ੍ਰੈਲ ਨੂੰ ਗੌਤਮ ਗੰਭੀਰ ਨੇ ਟਵੀਟ ਕਰ ਕੇ ਕਿਹਾ, ”ਇਸ ਦੁਖਦ ਸਮੇਂ ‘ਚ ਹਰੇਕ ਮਦਦ ਉਮੀਦ ਦੀ ਇੱਕ ਕਿਰਨ ਦੀ ਤਰ੍ਹਾਂ ਹੈ। ਅਕਸ਼ੈ ਕੁਮਾਰ ਦਾ ਧੰਨਵਾਦ ਜਿਨ੍ਹਾਂ ਨੇ ਲੋੜਵੰਦਾਂ ਲਈ ਗੌਤਮ ਗੰਭੀਰ ਫ਼ਾਊਂਡੇਸ਼ਨ ਨੂੰ ਖਾਣਾ, ਦਵਾਈਆਂ ਅਤੇ ਔਕਸੀਜਨ ਲਈ ਇੱਕ ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਹੈ। ਭਗਵਾਨ ਉਨ੍ਹਾਂ ਨੂੰ ਆਸ਼ੀਰਵਾਦ ਦੇਣ।”
ਅਕਸ਼ੈ ਕੁਮਾਰ ਨੇ ਵੀ ਗੰਭੀਰ ਨੂੰ ਟਵੀਟ ਦਾ ਰਿਪਲਾਈ ਕੀਤਾ ਹੈ। ਅਕਸ਼ੈ ਨੇ ਲਿਖਿਆ, ”ਇਹ ਸੱਚਮੁੱਚ ਬਹੁਤ ਹੀ ਮੁਸ਼ਕਿਲ ਸਮਾਂ ਹੈ। ਮੈਨੂੰ ਖ਼ੁਸ਼ੀ ਹੈ ਕਿ ਮੈਂ ਮਦਦ ਕਰ ਸਕਦਾ ਹਾਂ। ਉਮੀਦ ਹੈ ਕਿ ਅਸੀਂ ਜਲਦ ਹੀ ਇਸ ਮੁਸ਼ਕਿਲ ਸਮੇਂ ‘ਚੋਂ ਬਾਹਰ ਆਵਾਂਗੇ। ਸੁਰੱਖਿਅਤ ਰਹੋ।”
ਦੱਸ ਦੇਈਏ ਕਿ ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਅਕਸ਼ੈ ਨੇ ਇਸ ਤਰ੍ਹਾਂ ਨਾਲ ਮਦਦ ਦੀ ਪੇਸ਼ਕਸ਼ ਕੀਤੀ ਹੋਵੇ। ਬੀਤੇ ਸਾਲ ਕੋਵਿਡ ਦੌਰਾਨ ਦੇਸ਼ ਦੀ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਅਕਸ਼ੈ ਕੁਮਾਰ ਨੇ PM ਕੇਅਰਸ ਫ਼ੰਡ ‘ਚ 25 ਕਰੋੜ ਰੁਪਏ ਦੀ ਭਾਰੀ ਰਾਸ਼ੀ ਦਾਨ ਕੀਤੀ ਸੀ। ਇਸ ਤੋਂ ਇਲਾਵਾ ਸਾਲ 2020 ‘ਚ ਬਿਹਾਰ ਅਤੇ ਅਸਾਮ ‘ਚ ਹੜ੍ਹ ਪੀੜਤਾਂ ਦੀ ਮਦਦ ਲਈ ਇੱਕ-ਇੱਕ ਕਰੋੜ ਰੁਪਏ ਦਾਨ ਕੀਤੇ ਸਨ।