ਦੇਸ਼ ‘ਚ ਕੋਰੋਨਾ ਨੇ ਬਹੁਤ ਭਿਆਨਕ ਰੂਪ ਲੈ ਲਿਆ ਹੈ। ਲੋਕ ਹਸਪਤਾਲਾਂ ‘ਚ ਬੈੱਡਾਂ ਲਈ ਭਟਕ ਰਹੇ ਹਨ। ਰਾਜਧਾਨੀ ਦਿੱਲੀ ‘ਚ ਕਈ ਹਸਪਤਾਲਾਂ ‘ਚ ਘੱਟ ਸਮੇਂ ਦੀ ਔਕਸੀਜਨ ਹੋਣ ਦੀਆਂ ਖ਼ਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ। ਅਜਿਹੇ ‘ਚ ਸਰਕਾਰ ਦੇ ਸਾਹਮਣੇ ਕੋਰੋਨਾ ਇੱਕ ਚੁਣੌਤੀ ਬਣ ਕੇ ਆਇਆ ਹੈ। ਦਿੱਲੀ ਪੁਲੀਸ ਵੀ ਲਗਾਤਾਰ ਔਕਸੀਜਨ ਸਪਲਾਈ ਸੁਨਿਸ਼ਚਿਤ ਕਰ ਰਹੀ ਹੈ। ਹੁਣ ਬੌਲੀਵੁਡ ਅਦਾਕਾਰਾ ਸੁਸ਼ਮਿਤਾ ਸੇਨ ਨੇ ਵੀ ਦਿੱਲੀ ਨੂੰ ਔਕਸੀਜਨ ਸਿਲੰਡਰ ਦੇਣ ਲਈ ਕਿਹਾ ਹੈ, ਪਰ ਉਸ ਨੂੰ ਇਸ ਲਈ ਟਰੋਲ ਵੀ ਕੀਤਾ ਗਿਆ ਜਿਸ ‘ਤੇ ਅਦਾਕਾਰਾ ਨੇ ਜਵਾਬ ਵੀ ਦਿੱਤਾ।
ਦਿੱਲੀ ਦੇ ਸ਼ਾਂਤੀ ਮੁਕੁੰਦ ਹਸਪਤਾਲ ਦੇ CEO ਨੇ ਹਸਪਤਾਲ ‘ਚ ਦੋ ਘੰਟੇ ਦੀ ਅ+ਕਸੀਜਨ ਹੋਣ ਦੀ ਗੱਲ ਆਖੀ ਸੀ। ਇਸ ‘ਤੇ ਸੁਸ਼ਮਿਤਾ ਨੇ ਲਿਖਿਆ ਸੀ, ”ਇਹ ਦਿਲ ਦਹਿਲਾ ਦੇਣ ਵਾਲੀ ਜਾਣਕਾਰੀ ਹੈ। ਹਰ ਜਗ੍ਹਾ ਔਕਸੀਜਨ ਦੀ ਘਾਟ ਹੈ। ਮੈਂ ਇਸ ਹਸਪਤਾਲ ਲਈ ਕੁਝ ਔਕਸੀਜਨ ਸਿਲੰਡਰ ਮੈਨੇਜ ਕੀਤੇ ਹਨ, ਪਰ ਉਨ੍ਹਾਂ ਨੂੰ ਮੁੰਬਈ ਤੋਂ ਦਿੱਲੀ ਭੇਜਣ ਦਾ ਕੋਈ ਸਾਧਨ ਨਹੀਂ ਸੋ ਕ੍ਰਿਪਾ ਕਰ ਕੇ ਮੇਰੀ ਇਸ ‘ਚ ਮਦਦ ਕਰੋ।”
ਸੁਸ਼ਮਿਤਾ ਦੇ ਇਸ ਟਵੀਟ ‘ਤੇ ਇੱਕ ਯੂਜ਼ਰ ਨੇ ਲਿਖਿਆ ਕਿ ‘ਜੇਕਰ ਔਕਸੀਜਨ ਦੀ ਘਾਟ ਹਰ ਥਾਂ ਹੈ ਤਾਂ ਇਸ ਨੂੰ ਮੁੰਬਈ ਦੇ ਹਸਪਤਾਲ ਨੂੰ ਦੇਣ ਦੀ ਬਜਾਏ ਦਿੱਲੀ ਕਿਉਂ ਭੇਜ ਰਹੀ ਹੈਂ? ਇਸ ਦੇ ਜਵਾਬ ‘ਚ ਸੁਸ਼ਮਿਤਾ ਨੇ ਲਿਖਿਆ ਕਿ ਕਿਉਂਕਿ ਮੁੰਬਈ ਕੋਲ ਫ਼ਿਲਹਾਲ ਔਕਸੀਜਨ ਹੈ ਜਿਵੇਂ ਮੈਨੂੰ ਮਿਲੀ। ਦਿੱਲੀ ਨੂੰ ਇਸ ਦੀ ਲੋੜ ਹੈ, ਵਿਸ਼ੇਸ਼ ਕਰ ਕੇ ਇਨ੍ਹਾਂ ਛੋਟੇ ਹਸਪਤਾਲਾਂ ਨੂੰ, ਜੇਕਰ ਤੁਸੀਂ ਵੀ ਮਦਦ ਕਰ ਸਕਦੇ ਹੋ ਤਾਂ ਤੁਹਾਨੂੰ ਜ਼ਰੂਰ ਕਰਨੀ ਚਾਹੀਦੀ ਹੈ।”
ਬਾਅਦ ‘ਚ ਸੁਸ਼ਮਿਤਾ ਨੇ ਦੱਸਿਆ ਕਿ ਦਿੱਲੀ ਦੇ ਇਸ ਹਸਪਤਾਲ ਨੂੰ ਔਕਸੀਜਨ ਮਿਲ ਗਈ ਹੈ। ਹਸਪਤਾਲ ਪ੍ਰਸ਼ਾਸਨ ਨੇ ਔਕਸੀਜਨ ਦਾ ਇੰਤਜ਼ਾਮ ਕਿਤੋਂ ਹੋਰ ਕਰ ਲਿਆ। ਉਸ ਨੇ ਲਿਖਿਆ ਕਿ ਫ਼ਿਲਹਾਲ ਹਸਪਤਾਲ ਨੂੰ ਔਕਸੀਜਨ ਮਿਲ ਗਈ ਹੈ। ਇਸ ਨਾਲ ਸਾਨੂੰ ਔਕਸੀਜਨ ਭੇਜਣ ਲਈ ਹੋਰ ਸਮਾਂ ਮਿਲ ਗਿਆ। ਜਾਗਰੂਕਤਾ ਅਤੇ ਸਮਰਥਨ ਲਈ ਤੁਹਾਡਾ ਸਭ ਦਾ ਧੰਨਵਾਦ।”