ਇਸਲਾਮਾਬਾਦ : ਪਾਕਿਸਤਾਨ ਦੇ ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ (ਐਸ.ਸੀ.ਓ.ਸੀ.) ਨੇ ਸਿਵਲ ਹਵਾਬਾਜ਼ੀ ਅਥਾਰਿਟੀ ਨੂੰ ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਦੀ ਤੇਜ਼ੀ ਨਾਲ ਫੈਲਦੀ ਤੀਜੀ ਲਹਿਰ ’ਤੇ ਰੋਕ ਲਗਾਉਣ ਲਈ ਆਗਾਮੀ 5 ਤੋਂ 20 ਮਈ ਤੱਕ ਘਰੇਲੂ ਉਡਾਣਾਂ ’ਤੇ ਪਾਬੰਦੀ ਲਗਾਉਣ ਦੀ ਸਿਫਾਰਿਸ਼ ਕੀਤੀ ਹੈ। ਐਨ.ਸੀ.ਓ.ਸੀ. ਨੇ ਆਪਣੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ।
ਐਨ.ਸੀ.ਓ.ਸੀ. ਨੇ ਈਦ ਦੇ ਤਿਉਹਾਰ ਦੇ ਮੱਦੇਨਜ਼ਰ 8 ਤੋਂ 16 ਮਈ ਤੱਕ ਛੁੱਟੀਆਂ ਦੀ ਮਨਜ਼ੂਰੀ ਦਿੱਤੀ ਅਤੇ ਛੁੱਟੀਆਂ ਦੌਰਾਨ ਸਾਰੀਆਂ ਸੈਰ-ਸਪਾਟਾ ਗਤੀਵਿਧੀਆਂ ’ਤੇ ਪਾਬੰਦੀ ਲਗਾਈ ਹੈ ਤਾਂ ਕਿ ਈਦ ਦੇ ਤਿਉਹਾਰ ਦੌਰਾਨ ਲੋਕ ਆਪਣੇ ਘਰਾਂ ਵਿਚ ਰਹਿ ਕੇ ਇਸ ਤਿਉਹਾਰ ਨੂੰ ਮਨਾ ਸਕਣ। ਫੋਰਮ ਨੇ ਅੰਤਰ-ਸੂਬਾਈ, ਇੰਟਰਸਿਟੀ ਜਨਤਕ ਆਵਾਜਾਈ ’ਤੇ ਵੀ ਪਾਬੰਦੀ ਲਗਾਈ ਹੈ, ਜਦੋਂਕਿ 50 ਫ਼ੀਸਦੀ ਸਮਰਥਾ ਵਾਲੇ ਨਿੱਜੀ ਵਾਹਨਾਂ ਨੂੰ ਚਲਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਨੇ ਦੇਸ਼ ਵਿਚ ਸਿਹਤ ਪ੍ਰਣਾਲੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ 6000 ਟਨ ਆਕਸੀਜਨ ਅਤੇ 5000 ਆਕਸੀਜਨ ਸਿੰਲਡਰ ਦੇ ਆਯਾਤ ਦੀ ਵੀ ਇਜਾਜ਼ਤ ਦਿੱਤੀ ਹੈ।
ਇਸ ਤੋਂ ਪਹਿਲਾਂ ਐਨ.ਸੀ.ਓ.ਸੀ. ਦੇ ਪ੍ਰਧਾਨ ਅਸਦ ਓਮਰ ਨੇ ਕਿਹਾ ਕਿ ਕੋਵਿਡ-19 ਹਸਪਤਾਲ ਦੇਸ਼ ਵਿਚ ਉਤਪਾਦਿਤ ਆਕਸੀਜਨ ਦਾ 90 ਫ਼ੀਸਦੀ ਤੋਂ ਜ਼ਿਆਦਾ ਹਿੱਸਾ ਇਸਤੇਮਾਲ ਵਿਚ ਲਿਆ ਰਹੇ ਹਨ। ਪਾਕਿਸਤਾਨ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 5480 ਨਵੇਂ ਮਾਮਲੇ ਅਤੇ ਇਸ ਨਾਲ 150 ਲੋਕਾਂ ਦੀ ਮੌਤ ਹੋਈ ਹੈ। ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਕੁੱਲ ਸੰਖਿਆ 8,15,711 ਤੱਕ ਪਹੁੰਚ ਗਈ ਹੈ ਅਤੇ 7,08,193 ਲੋਕ ਇਸ ਤੋਂ ਨਿਜਾਤ ਪਾ ਚੁੱਕੇ ਹਨ। ਜਦੋਂ ਕਿ ਇਸ ਮਹਾਮਾਰੀ ਨਾਲ 17,680 ਲੋਕਾਂ ਦੀ ਹੁਣ ਤੱਕ ਜਾਨ ਜਾ ਚੁੱਕੀ ਹੈ।