ਤਿਰੁਪਤੀ- ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਅਤੇ ਕੁਰਨੂਲ ’ਚ ਆਕਸੀਜਨ ਦੀ ਸਪਲਾਈ ਬੰਦ ਹੋਣ ਨਾਲ ਕੋਰੋਨਾ ਦੇ 20 ਮਰੀਜ਼ਾਂ ਦੀ ਮੌਤ ਹੋ ਗਈ। ਅਨੰਤਪੁਰ ਦੇ ਸਰਕਾਰੀ ਹਸਪਤਾਲ ’ਚ 15 ਮਰੀਜ਼ਾਂ ਨੇ ਦਮ ਤੋੜਿਆ ਜਦੋਂ ਕਿ ਕੁਰਨੂਲ ਦੇ ਇਕ ਨਿੱਜੀ ਹਸਪਤਾਲ ’ਚ 5 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਕਿਹਾ ਜਾ ਰਿਹਾ ਹੈ ਕਿ ਹਸਪਤਾਲ ’ਚ ਆਕਸੀਜਨ ਦੀ ਸਪਲਾਈ ਅਚਾਨਕ ਬੰਦ ਹੋ ਗਈ ਜਿਸ ਨਾਲ ਇਹ ਹਾਦਸਾ ਹੋਇਆ। ਮ੍ਰਿਤਕਾਂ ਦੇ ਵਾਰਸਾਂ ਨੇ ਦੋਸ਼ ਲਾਇਆ ਕਿ ਮੌਤਾਂ ਮਰੀਜ਼ਾਂ ਨੂੰ ਆਕਸੀਜਨ ਨਾ ਮਿਲਣ ਕਾਰਨ ਹੋਈਆਂ ਹਨ। ਜੀ. ਜੀ. ਐੱਚ. ਦੇ ਡਾਕਟਰਾਂ ਨੇ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮਰੀਜ਼ਾਂ ਦੀ ਮੌਤ ਆਕਸੀਜਨ ਦੀ ਸਪਲਾਈ ’ਚ ਘੱਟ ਪ੍ਰੈਸ਼ਰ ਕਾਰਨ ਹੋਈ ਹੈ।
ਅਨੰਤਪੁਰ ਦੇ ਜ਼ਿਲ੍ਹਾ ਕੁਲੈਕਟਰ ਜੀ. ਚੰਦਰੁਡੁ ਨੇ ਕਿਹਾ ਕਿ ਜ਼ਿਲੇ ’ਚ ਆਕਸੀਜਨ ਦੀ ਕੋਈ ਕਮੀ ਨਹੀਂ ਹੈ ਪਰ ਘੱਟ ਪ੍ਰੈਸ਼ਰ ਦੀਆਂ ਸ਼ਿਕਾਇਤਾਂ ਤੋਂ ਬਾਅਦ ਪੂਰੀਆਂ ਪਾਈਪਲਾਈਨ ਦੀ ਪੂਰੀ ਜਾਂਚ ਕੀਤੀ ਗਈ। ਕੁਰਨੂਲ ਦੇ ਨਿੱਜੀ ਹਸਪਤਾਲ ’ਚ 5 ਕੋਵਿਡ-19 ਮਰੀਜ਼ਾਂ ਦੀ ਮੌਤ ਤੋਂ ਬਾਅਦ ਹਸਪਤਾਲ ’ਤੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਦਾ ਦੋਸ਼ ਲੱਗਾ ਹੈ। ਦੋਸ਼ ਹੈ ਕਿ ਬਿਨਾਂ ਕਿਸੇ ਵਿਵਸਥਾਵਾਂ ਅਤੇ ਸਰਕਾਰ ਦੀ ਆਗਿਆ ਦੇ ਹਸਪਤਾਲ ’ਚ ਕੋਰੋਨਾ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਸੀ। ਸ਼ਿਕਾਇਤ ਤੋਂ ਬਾਅਦ ਹਸਪਤਾਲ ਦੇ ਪ੍ਰਬੰਧ ਨਿਰਦੇਸ਼ਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜ਼ਿਲਾ ਅਧਿਕਾਰੀਆਂ ਨੇ ਮੌਤਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਹਸਪਤਾਲ ਦੇ ਪ੍ਰਬੰਧਨ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।