ਚੰਡੀਗੜ੍ਹ/ਮੋਹਾਲੀ : ਸੀਨੀਅਰ ਅਕਾਲੀ-ਟਕਸਾਲੀ ਆਗੂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੁਖਦੇਵ ਸਿੰਘ ਢੀਂਡਸਾ ਵਲੋਂ ਆਪੋ-ਆਪਣੇ ਰਾਜਨੀਤਕ ਦਲਾਂ ਨੂੰ ਭੰਗ ਕਰਨ ਮਗਰੋਂ, ਹੁਣ 3 ਮਈ ਸੋਮਵਾਰ ਨੂੰ ਇੱਕ ਨਵੀਂ ਰਾਜਨੀਤਕ ਪਾਰਟੀ ਦਾ ਐਲਾਨ ਕਰਨ ਦੀ ਸੰਭਾਵਨਾ ਹੈ। ਇੱਥੇ ਇੱਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸੀਨੀਅਰ ਅਕਾਲੀ-ਟਕਸਾਲੀ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਵਲੋਂ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਦੋਵੇਂ ਨੇਤਾ ਸੋਮਵਾਰ ਨੂੰ ਇਕ ਨਵੀਂ ਰਾਜਨੀਤਿਕ ਪਾਰਟੀ ਦਾ ਐਲਾਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦੋਹਾਂ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਬਾਦਲਾਂ ਦੇ ਚੁੰਗਲ ਤੋਂ ਆਜ਼ਾਦ ਕਰਵਾਉਣ ਲਈ ਇਹ ਇੱਕ ਸਲਾਹੁਣਯੋਗ ਕਦਮ ਹੈ, ਜੋ ਦਹਾਕਿਆਂ ਤੋਂ ਰਾਜ ਕਰ ਰਹੀਆਂ ਹਨ ਅਤੇ ਇਹ ਪੰਜਾਬ ਨੂੰ ਤਬਾਹ ਕਰ ਰਹੇ ਹਨ। ਇਸ ਨਵੀਂ ਰਾਜਨੀਤਿਕ ਪਾਰਟੀ ਵਿਚ ਨਵਜੋਤ ਸਿੰਘ ਸਿੱਧੂ, ਸੁਖਪਾਲ ਸਿੰਘ ਖਹਿਰਾ, ਬੈਂਸ ਭਰਾਵਾਂ, ਪ੍ਰਗਟ ਸਿੰਘ ਅਤੇ ਧਰਮਵੀਰ ਗਾਂਧੀ ਵਰਗੇ ਕੁਝ ਹੋਰ ਸੀਨੀਅਰ ਨੇਤਾਵਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਦੋਵੇਂ ਸੀਨੀਅਰ ਨੇਤਾ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੁਖਦੇਵ ਸਿੰਘ ਢੀਂਡਸਾ ਸਿਧਾਂਤਕ ਤੌਰ ’ਤੇ ਨਵੀਂ ਰਾਜਨੀਤਕ ਪਾਰਟੀ ਬਣਾਉਣ ਲਈ ਸਹਿਮਤ ਹੋ ਗਏ ਹਨ। ਲੋਕ ਹੁਣ ਬਾਦਲਾਂ ਅਤੇ ਕਾਂਗਰਸ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਹਨ ਅਤੇ ਇਹ ਫੈਸਲਾ ਸੂਬੇ ਦੇ ਹਿੱਤ ਵਿਚ ਹੋਵੇਗਾ। ਇਸ ਦਲ ਵਿਚ ਬਹੁਜਨ ਸਮਾਜ ਪਾਰਟੀ (ਬਸਪਾ), ਆਮ ਆਦਮੀ ਪਾਰਟੀ (ਆਪ) ’ਅਤੇ ਹੋਰ ਹਮਖ਼ਿਆਲੀ ਸੋਚ ਰੱਖਣ ਵਾਲੀਆਂ ਪਾਰਟੀਆਂ ਦੇ ਸਾਰੇ ਆਗੂ ਸਾਂਝੇ ਪਲੇਟਫਾਰਮ ’ਤੇ ਆਉਣਗੇ ਅਤੇ ਇੱਕ ਨਵਾਂ ਸਿਆਸੀ ਫਰੰਟ ਤਿਆਰ ਕਰਨਗੇ, ਜੋ ਦੇ ਲੋਕਾਂ ਦੀ ਸੇਵਾ ਕਰੇਗਾ।
ਇਨ੍ਹਾਂ ਦੋਹਾਂ ਨੇਤਾਵਾਂ ਵਲੋਂ ਕਾਂਗਰਸ ਵਿਚ ਤਾਜ਼ਾ ਘਟਨਾਕ੍ਰਮ ਬਾਰੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਸ਼ਬਦੀ ਜੰਗ ਚੱਲ ਰਹੀ ਹੈ। ਹਾਈ ਕੋਰਟ ਵਲੋਂ ਬਹਿਬਲਕਲਾਂ ਅਤੇ ਕੋਟਕਪੂਰਾ ਗੋਲੀਬਾਰੀ ਅਤੇ ਬੇਅਦਬੀ ਘਟਨਾਵਾਂ ਦੀ ਜਾਂਚ ਕਰ ਰਹੀ ‘ਸਿੱਟ’ ਨੂੰ ਰੱਦ ਕਰਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਲੋਕਾਂ ਨੂੰ ਇਨਸਾਫ ਨਾ ਮਿਲਣ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਕਈ ਵਾਰ ਸ਼ਬਦਾਂ ਦੇ ਵਾਰ ਕਰ ਰਹੇ ਹਨ ਅਤੇ ਜੇ ਇਹ ਨਵਾਂ ਸਿਆਸੀ ਫਰੰਟ ਇਨ੍ਹਾਂ ਦਿੱਗਜ ਟਕਸਾਲੀ ਨੇਤਾਵਾਂ ਦੀ ਅਗਵਾਈ ਵਿਚ ਸਫਲ ਹੋ ਜਾਂਦਾ ਹੈ ਤਾਂ ਇਹ ਫਰਵਰੀ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਰਾਜਨੀਤਕ ਸਮੀਕਰਣਾਂ ਨੂੰ ਬਦਲ ਸਕਦੇ ਹਨ। ਉੱਥੇ ਹੀ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੁਖਦੇਵ ਸਿੰਘ ਢੀਂਡਸਾ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸਣੇ ਸਾਰੇ ਟੀ. ਐੱਮ. ਸੀ. ਵਰਕਰਾਂ ਨੂੰ ਵਧਾਈ ਦਿੱਤੀ, ਜਿਨ੍ਹਾਂ ਨੇ ਰਵਾਇਤੀ ਪਾਰਟੀਆਂ ਖ਼ਿਲਾਫ਼ ਸੂਬਾ ਚੋਣਾਂ ਜਿੱਤੀਆਂ ਅਤੇ। ਉਨ੍ਹਾਂ ਕਿਹਾ ਕਿ ਧਰਮ ਅਤੇ ਫਿਰਕਾਪ੍ਰਸਤੀ ਦੀ ਆੜ ਹੇਠ ਰਾਜਨੀਤੀ ਕਰਨ ਵਾਲੇ ਲੋਕਾਂ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੁਖਦੇਵ ਸਿੰਘ ਢੀਂਡਸਾ ਦੋਹਾਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਹੁਣ ਪੰਜਾਬ ਦੇ ਲੋਕ ਵੀ ਅਜਿਹੀਆਂ ਰਾਜਨੀਤਕ ਪਾਰਟੀਆਂ ਨੂੰ ਸਬਕ ਸਿਖਾਉਣ ਲਈ ਤਿਆਰ ਹਨ ਅਤੇ ਇਸ ਤਰ੍ਹਾਂ ਦੀ ਪਾਰਟੀਆਂ ਦਾ ਪੰਜਾਬ ਵਿਚ ਦਾਖਲਾ ਪੂਰੀ ਤਰ੍ਹਾਂ ਨਾਲ ਬੰਦ ਹੈ, ਜੋ ਫਿਰਕਾਪ੍ਰਸਤੀ ਆੜ ਘਟੀਆ ਰਾਜਨੀਤੀ ਕਰਦੇ ਹਨ। ਇਸ ਤੋਂ ਇਲਾਵਾ ਜਿਹੜੇ ਲੋਕ 10 ਸਾਲਾਂ ਤੋਂ ਭਾਜਪਾ ਗਠਜੋੜ ਵਿਚ ਰਹੇ ਹਨ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਉਨ੍ਹਾਂ ਨੂੰ ਵੀ ਨੱਥ ਪਾ ਦਿੱਤੀ ਜਾਣੀ ਚਾਹੀਦੀ ਹੈ।