ਨਵੀਂ ਦਿੱਲੀ— ਦੇਸ਼ ਵਿਚ ਸੋਮਵਾਰ ਨੂੰ ਕੋਰੋਨਾ ਵਾਇਰਸ (ਕੋਵਿਡ-19) ਦੇ 3,68,147 ਨਵੇਂ ਮਾਮਲੇ ਆਏ ਅਤੇ 3,417 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਕੇਂਦਰੀ ਸਿਹਤ ਮੰਤਰਾਲਾ ਦੇ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਨਵੇਂ ਮਾਮਲਿਆਂ ਨਾਲ ਪੀੜਤਾਂ ਦੀ ਕੁੱਲ ਗਿਣਤੀ 1,99,25,604 ਜਦਕਿ ਮਿ੍ਰਤਕਾਂ ਦੀ ਗਿਣਤੀ 2,18,959 ਹੋ ਗਈ ਹੈ। ਦੇਸ਼ ਵਿਚ 1 ਮਈ ਨੂੰ ਵਾਇਰਸ ਦੇ ਰਿਕਾਰਡ 4,01,993 ਨਵੇਂ ਮਾਮਲੇ ਆਏ ਸਨ, ਉੱਥੇ ਹੀ 2 ਮਈ 3,92,488 ਮਾਮਲੇ ਸਾਹਮਣੇ ਆਏ। ਦੇਸ਼ ਵਿਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 34,13,642 ਹੋ ਗਈ ਹੈ, ਜੋ ਕਿ ਵਾਇਰਸ ਦੇ ਕੁੱਲ ਮਾਮਲਿਆਂ ਦਾ 17.13 ਫ਼ੀਸਦੀ ਹੈ।
ਮੰਤਰਾਲਾ ਦੇ ਅੰਕੜਿਆਂ ਮੁਤਾਬਕ ਦੇਸ਼ ’ਚ 16,29,3003 ਲੋਕ ਠੀਕ ਹੋ ਚੁੱਕੇ ਹਨ, ਜਦਕਿ ਮੌਤ ਦਰ 1.10 ਫ਼ੀਸਦੀ ਹੈ। ਦੇਸ਼ ਵਿਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਪਿਛਲੇ ਸਾਲ 7 ਅਗਸਤ ਨੂੰ 20 ਲੱਖ ਨੂੰ ਪਾਰ ਕਰ ਗਈ ਸੀ। ਭਾਰਤੀ ਮੈਡੀਕਲ ਖੋਜ ਪਰੀਸ਼ਦ (ਆਈ. ਸੀ. ਐੱਮ. ਆਰ.) ਮੁਤਾਬਕ 2 ਮਈ ਤੱਕ 29, 16,47,037 ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ’ਚੋਂ 15,04,698 ਨਮੂਨਿਆਂ ਦੀ ਐਤਵਾਰ ਨੂੰ ਜਾਂਚ ਕੀਤੀ ਗਈ। ਜੇਕਰ ਟੀਕਾਕਰਨ ਦੀ ਗੱਲ ਕੀਤੀ ਜਾਵੇ ਤਾਂ 16 ਜਨਵਰੀ 2021 ਤੋਂ ਲੈ ਕੇ ਹੁਣ ਤੱਕ 15,71,98,207 ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗ ਚੁੱਕੀ ਹੈ। ਟੀਕਾਕਰਨ ਦੇ ਤੀਜੇ ਪੜਾਅ ਵਿਚ 1 ਮਈ ਨੂੰ 18 ਤੋਂ 44 ਸਾਲ ਦੀ ਉਮਰ ਵਰਗ ਦੇ ਕੁੱਲ 86,023 ਲਾਭਪਾਤਰੀਆਂ ਨੂੰ 11 ਸੂਬਿਆਂ ਵਿਚ ਕੋਵਿਡ ਟੀਕੇ ਦੀ ਖ਼ੁਰਾਕ ਦਿੱਤੀ ਗਈ ਹੈ।