ਨਵੀਂ ਦਿੱਲੀ- ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੇ ਬਾਰਡਰਾਂ ‘ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਬੰਗਾਲ ਚੋਣਾਂ ‘ਚ ਭਾਜਪਾ ਦੀ ਹਾਰ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਸਭ ਤੋਂ ਪਹਿਲਾਂ ਤਾਂ ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਅਪੀਲ ਕੀਤੀ ਹੈ। ਟਿਕੈਤ ਨੇ ਟਵੀਟ ਕਰਦੇ ਹੋਏ ਲਿਖਿਆ,”ਜਦੋਂ ਸੱਤਾ ਹੰਕਾਰੀ, ਪੂੰਜੀਪਤੀਆਂ ਦੀ ਵਫ਼ਦਾਰ ਹੋ ਜਾਵੇ ਤਾਂ ਜਨਤਾ ਕੋਲ ਵੋਟ ਦੀ ਚੋਟ ਦੀ ਤਾਕਤ ਹੀ ਸੱਤਾ ਨੂੰ ਸਬਕ ਸਿਖਾਉਂਦੀ ਹੈ।” ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਬੰਗਾਲ ਦੇ ਸਨਮਾਨਤ ਵੋਟਰਾਂ ਦਾ ਆਭਾਰ। ਮਮਤਾ ਜੀ ਨੂੰ ਜਿੱਤ ਦੀ ਹਾਰਦਿਕ ਵਧਾਈ।
ਟਿਕੈਤ ਨੇ ਇਕ ਹੋਰ ਟਵੀਟ ਕਰ ਕੇ ਲਿਖਿਆ ਚੋਣ ਨਤੀਜੇ ਕਿਸਾਨਾਂ ਦੀ ਨੈਤਿਕ ਜਿੱਤ ਹਨ। ਭਾਰਤ ਸਰਕਾਰ ਤਿੰਨੋਂ ਖੇਤੀ ਕਾਨੂੰਨ ਰੱਦ ਕਰੇ, ਨਹੀਂ ਤਾਂ ਸੰਘਰਸ਼ ਹੋਰ ਤੇਜ਼ ਹੋਵੇਗਾ। ਦੱਸਣਯੋਗ ਹੈ ਕਿ ਟਿਕੈਤ ਨੇ ਪਹਿਲਾਂ ਹੀ ਕਿਸਾਨ ਅੰਦੋਲਨ ਨੂੰ ਲੈ ਕੇ ਰੁਖ ਸਪੱਸ਼ਟ ਕੀਤਾ ਸੀ। ਉਨ੍ਹਾਂ ਕਿਹਾ ਸੀ,”ਇਹ ਲੜਾਈ ਲੰਬੀ ਚੱਲੇਗੀ ਪਰ ਕਿੰਨੇ ਮਹੀਨੇ ਚਲੇਗੀ, ਕੋਈ ਨਹੀਂ ਜਾਣਦਾ ਪਰ ਇਕ ਚੀਜ਼ ਤੈਅ ਹੈ ਕਿ ਕਿਸਾਨ ਇਸ ਨੂੰ ਬਿਨਾਂ ਜਿੱਤੇ ਵਾਪਸ ਨਹੀਂ ਜਾਣਗੇ।”