ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿੱਖ ਕੇ ਮੰਗ ਕੀਤੀ ਕਿ ਮਾਣਯੋਗ ਹਾਈਕੋਰਟ ਵੱਲੋਂ ਰੱਦ ਕੀਤੀ ਐੱਸ. ਆਈ. ਟੀ. (ਸਿਟ) ਦੀ ਰਿਪੋਰਟ ਵਿਧਾਨ ਸਭਾ ਦਾ ਹੰਗਾਮੀ ਸੈਸ਼ਨ ਸੱਦ ਕੇ ਟੇਬਲ ਕਰਨੀ ਚਾਹੀਦੀ ਹੈ। ਬੈਂਸ ਨੇ ਮੰਗ-ਪੱਤਰ ਰਾਹੀਂ ਮੁੱਖ ਮੰਤਰੀ ਨੂੰ ਲਿਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਾਜ਼ਿਸ਼ ਤਹਿਤ ਕੀਤੀ ਗਈ ਸੀ ਅਤੇ ਤੁਸੀਂ 2017 ’ਚ ਸਰਕਾਰ ਆਉਣ ’ਤੇ ਅਸਲ ਦੋਸ਼ੀਆਂ ਨੂੰ ਚੰਦ ਦਿਨਾਂ ਵਿਚ ਕਟਹਿਰੇ ’ਚ ਖੜ੍ਹਾ ਕਰ ਕੇ ਸਜ਼ਾ ਦੇਣ ਦਾ ਸੰਗਤਾਂ ਨੂੰ ਵਿਸ਼ਵਾਸ ਦਿਵਾਇਆ ਸੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਤੁਹਾਡੇ ’ਤੇ ਵਿਸ਼ਵਾਸ ਕਰ ਕੇ ਕਾਂਗਰਸ ਪਾਰਟੀ ਨੂੰ ਵੱਡੇ ਪੱਧਰ ’ਤੇ ਜਿਤਾ ਕੇ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਪਰ ਪੰਜਾਬ ਦੀ ਕਾਂਗਰਸ ਸਰਕਾਰ ਦੋਸ਼ੀਆਂ ਨੂੰ ਸੰਗਤਾਂ ਦੇ ਸਾਹਮਣੇ ਲਿਆਉਣ ’ਚ ਨਾਕਾਮ ਰਹੀ।
ਬੈਂਸ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਵੱਲੋਂ ਰਿਪੋਰਟ ਤਿਆਰ ਕਰ ਕੇ ਮਾਣਯੋਗ ਹਾਈਕੋਰਟ ’ਚ ਪੇਸ਼ ਕੀਤੀ ਗਈ ਪਰ ਹਾਈਕੋਰਟ ਵੱਲੋਂ ਦਬਾਅ ਹੇਠ ਆ ਕੇ ਇਹ ਰਿਪੋਰਟ ਰੱਦ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਤੁਸੀਂ ਕਿਹਾ ਸੀ ਕਿ ਜੱਜ ਰਾਜਨੀਤਿਕ ਪ੍ਰਭਾਵ ਹੇਠ ਆ ਕੇ ਗਲਤ ਫ਼ੈਸਲਾ ਲੈ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਹੰਗਾਮੀ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਕੁੰਵਰ ਵਿਜੇ ਪ੍ਰਤਾਪ ਵੱਲੋਂ ਐੱਸ. ਆਈ. ਟੀ. ਦੀ ਪੇਸ਼ ਕੀਤੀ ਰਿਪੋਰਟ ਟੇਬਲ ਕਰ ਕੇ ਉਸ ’ਤੇ ਬਹਿਸ ਕਰਵਾਈ ਜਾਵੇ, ਜੋ ਨਿਚੋੜ ਨਿਕਲੇਗਾ ਪੰਜਾਬ ਸਰਕਾਰ ਅਸਲ ਦੋਸ਼ੀਆਂ ਨੂੰ ਫੜ ਕੇ ਕਟਹਿਰੇ ’ਚ ਖੜ੍ਹਾ ਕਰ ਕੇ ਸਜ਼ਾ ਦਿਵਾਉਣ ਦਾ ਯਤਨ ਕਰੇ।