ਲਖਨਊ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੂੰ ਇਕ ਵਾਰ ਮੁੜ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਯੂ.ਪੀ. ਪੁਲਸ ਕੰਟਰੋਲ ਰੂਮ ਦੇ ਵਟਸਐੱਪ ਨੰਬਰ ‘ਤੇ ਦਿੱਤੀ ਗਈ ਹੈ। ਧਮਕੀ ਭੇਜਣ ਵਾਲੇ ਨੇ ਚਿਤਾਵਨੀ ਦਿੱਤੀ ਹੈ ਕਿ ਚਾਰ ਦਿਨਾਂ ‘ਚ ਜੋ ਕਰ ਸਕਦੇ ਹੋ ਕਰ ਲਵੋ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲਖਨਊ ਦੇ ਸੁਸ਼ਾਂਤ ਗੋਲਫ਼ ਸਿਟੀ ਥਾਣੇ ‘ਚ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਟੀਮ ਨੂੰ ਅਲਰਟ ਕਰ ਦਿੱਤਾ ਗਿਆ ਹੈ ਅਤੇ ਨੰਬਰ ਦੀ ਜਾਂਚ ਕਰ ਕੇ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੋਸ਼ੀ ਨੇ 5ਵੇਂ ਦਿਨ ਮਾਰਨ ਦੀ ਦਿੱਤੀ ਧਮਕੀ
ਦੱਸਿਆ ਜਾ ਰਿਹਾ ਹੈ ਕਿ ਬੀਤੀ 29 ਅਪ੍ਰੈਲ ਨੂੰ ਦੇਰ ਸ਼ਾਮ ਯੂ.ਪੀ. ਪੁਲਸ ਦੇ ਐਮਰਜੈਂਸੀ ਸੇਵਾ ਡਾਇਲ 112 ਵਟਸਐੱਪ ਨੰਬਰ ‘ਤੇ ਕਿਸੇ ਸ਼ੱਕੀ ਨੇ ਮੈਸੇਜ ਕਰ ਕੇ ਸੀ.ਐੱਮ. ਯੋਗੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਧਮਕੀ ਭਰੇ ਸੰਦੇਸ਼ ‘ਚ ਸ਼ੱਕੀ ਨੇ ਲਿਖਿਆ ਹੈ ਕਿ ਉਹ ਯੋਗੀ ਨੂੰ 5ਵੇਂ ਦਿਨ ਮਾਰ ਦੇਵੇਗਾ। ਪੁਲਸ ਨੂੰ ਚੁਣੌਤੀ ਦਿੰਦੇ ਹੋਏ ਅੱਗੇ ਲਿਖਿਆ ਹੈ ਕਿ ਅਗਲੇ 4 ਦਿਨਾਂ ‘ਚ ਮੇਰਾ ਜੋ ਕਰ ਸਕਦੇ ਹੋ ਕਰ ਲਵੋ। ਪੁਲਸ ਦੀਆਂ ਕਈ ਟੀਮਾਂ ਸ਼ੱਕੀ ਨੰਬਰ ਦੀ ਜਾਂਚ ਅਤੇ ਲੋਕੇਸ਼ਨ ਟਰੇਸ ਕਰਨ ‘ਚ ਜੁਟ ਗਈਆਂ ਹਨ। ਦੋਸ਼ੀ ਦੀ ਗ੍ਰਿਫ਼ਤਾਰੀ ਲਈ ਪੁਲਸ ਦੀ ਟੀਮ ਵੀ ਗਠਿਤ ਕੀਤੀ ਗਈ ਹੈ।
ਮਈ 2020 ਨੂੰ ਵੀ ਮਿਲੀ ਸੀ ਧਮਕੀ
ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਮੁੱਖ ਮੰਤਰੀ ਯੋਗੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਯੋਗੀ ਨੂੰ ਮਈ 2020 ‘ਚ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। 112 ਦੀ ਸੋਸ਼ਲ ਮੀਡੀਆ ਡੈਸਕ ਦੇ ਵਟਸਐੱਪ ‘ਤੇ ਧਮਕੀ ਭਰਿਆ ਮੈਸੇਜ ਭੇਜਿਆ ਗਿਆ ਸੀ। ਧਮਕੀ ਦੇ ਨਾਲ ਹੀ ਸੀ.ਐੱਮ. ਯੋਗੀ ਦੀ ਇਕ ਵਿਸ਼ੇਸ਼ ਭਾਈਚਾਰੇ ਦੀ ਖ਼ਤਰਾ ਦੱਸਿਆ ਗਿਆ ਸੀ। ਇਸ ਮਾਮਲੇ ‘ਚ ਪੁਲਸ ਨੇ ਗੋਮਤੀ ਨਗਰ ਪੁਲਸ ਸਟੇਸ਼ਨ ‘ਚ ਮੁਕੱਦਮਾ ਦਰਜ ਕੀਤਾ ਸੀ।